ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹਿਰ ਦੇ ਪੰਜ ਬਾਜ਼ਾਰਾਂ ਦਾ ਮੁੜ ਵਿਕਾਸ ਕਰੇਗੀ ਤੇ ਉਨ੍ਹਾਂ ਨੂੰ ‘ਵਿਸ਼ਵ ਪੱਧਰੀ’ ਬਣਾਏਗੀ। ਜਿਨ੍ਹਾਂ ਬਾਜ਼ਾਰਾਂ ਨੂੰ ਮੁੜ ਵਿਕਾਸ ਲਈ ਅੰਤਿਮ ਰੂਪ ਦਿੱਤਾ ਗਿਆ ਹੈ ਉਹ ਕਮਲਾ ਨਗਰ, ਖਾਰੀ ਬਾਉਲੀ, ਲਾਜਪਤ ਨਗਰ, ਸਰੋਜਨੀ ਨਗਰ ਅਤੇ ਕੀਰਤੀ ਨਗਰ ਹਨ। ‘ਰੁਜ਼ਗਾਰ ਬਜਟ’ ਵਿੱਚ ਮੁੜ ਵਿਕਾਸ ਨਾਲ ਇੱਥੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਸਬੰਧੀ ਐਲਾਨਿਆ ਗਿਆ ਸੀ। ਕੇਜਰੀਵਾਲ ਨੇ ਕਿਹਾ ਕਿ ਅਸੀਂ ਪਹਿਲੇ ਪੜਾਅ ਵਿੱਚ ਮੁੜ ਵਿਕਸਤ ਕੀਤੇ ਜਾਣ ਵਾਲੇ ਪੰਜ ਬਾਜ਼ਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ।ਉਦਾਹਰਣ ਵਜੋਂ, ਕਮਲਾ ਨਗਰ, ਇੱਕ ਯੂਥ ਹੈਂਗਆਊਟ ਜ਼ੋਨ ਹੈ, ਖਰੀ ਬਾਉਲੀ ਵਧੀਆ ਮਸਾਲਿਆਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਨਰ ਵਿਕਾਸ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਡਿਜ਼ਾਈਨ ਮੁਕਾਬਲਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਪ੍ਰਾਜੈਕਟ ਤਹਿਤ ਇਨ੍ਹਾਂ ਬਾਜ਼ਾਰਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਸ਼ਹਿਰੀ ਸਹੂਲਤਾਂ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਕਾਰੋਬਾਰ ਦੇ ਨਾਲ-ਨਾਲ ਗਾਹਕ ਵੀ ਵਧਣ। ਇਸ ਤੋਂ ਪਹਿਲਾਂ ਸ਼ਾਹਜਹਾਨਾਬਾਦ ਮੁੜ ਵਿਕਾਸ ਯੋਜਨਾ ਤਹਿਤ ਦਿੱਲੀ ਦੀ ਅਹਿਮ ਸੜਕ ਚਾਂਦਨੀ ਚੌਕ ਮਾਰਗ ਦਾ ਸੁੰਦਰੀਕਰਨ ਕੀਤਾ ਗਿਆ ਸੀ। ਪੈਦਲ ਚੱਲਣ ਵਾਲਿਆਂ ਲਈ ਸਹੂਲਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਇਲਾਕਿਆਂ ਵਿੱਚ ਵਾਹਨਾਂ ਦੀ ਆਵਾਜਾਈ ਬੰਦ ਕੀਤੀ ਗਈ ਹੈ। ਕਰੋਲ ਬਾਗ਼ ਖੇਤਰ ਵਿੱਚ ਵੀ ਇੱਕ ਸੜਕ ਦਾ ਸੁੰਦਰੀਕਰਨ ਕੀਤਾ ਗਿਆ ਸੀ। ਸਦਰ ਬਾਜ਼ਾਰ ਵਰਗੇ ਇਲਾਕੇ ਵਿੱਚ ਜਿੱਥੇ 2-3 ਫੁੱਟ ਚੌੜੀਆਂ ਗਲੀਆਂ ਹਨ, ਉਥੇ ਰਾਹਗੀਰਾਂ ਲਈ ਸਹੂਲਤਾਂ ਅਹਿਮ ਰਹਿਣਗੀਆਂ। ਜ਼ਿਕਰਯੋਗ ਹੈ ਕਿ ਪੰਜਾਂ ਬਾਜ਼ਾਰਾਂ ਵਿੱਚ ਥੋਕ ਦੀਆਂ ਦੁਕਾਨਾਂ ਹਨ ਜਿੱਥੋਂ ਉੱਤਰੀ ਤੇ ਮੱਧ ਭਾਰਤ ਤੱਕ ਕਾਰੋਬਾਰੀ ਸੰਪਰਕ ਰਹਿੰਦਾ ਹੈ।
ਉਪ ਮੁੱਖ ਮੰਤਰੀ ਵੱਲੋਂ ਬਾਜ਼ਾਰਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੇਜਰੀਵਾਲ ਸਰਕਾਰ ਦਿੱਲੀ ਦੇ ਵੱਕਾਰੀ ਥੋਕ ਬਾਜ਼ਾਰਾਂ ਨੂੰ ਨਵੀਂ ਪਛਾਣ ਦੇਣ, ਆਪਣੇ ਕਾਰੋਬਾਰ ਨੂੰ ਵਧਾਉਣ ਲਈ ਥੋਕ ਸ਼ਾਪਿੰਗ ਫੈਸਟੀਵਲ ਦਾ ਆਯੋਜਨ ਕਰੇਗੀ। ਇਸ ਦਿਸ਼ਾ ਵਿੱਚ ਸੋਮਵਾਰ ਨੂੰ ਉਪ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ ਵਿੱਚ 30 ਥੋਕ ਬਾਜ਼ਾਰਾਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਹੋਈ। ਇਸ ਮੌਕੇ ਸ੍ਰੀ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੀ ਥੋਕ ਮੰਡੀ ਦਿੱਲੀ ਦੀ ਇੱਕ ਵਿਲੱਖਣ ਪਛਾਣ ਤੇ ਵਿਸ਼ੇਸ਼ਤਾ ਹੈ, ਜਿਸ ਵਿੱਚ ਟੈਕਸਟਾਈਲ, ਇਲੈਕਟ੍ਰੋਨਿਕਸ, ਮਸਾਲੇ ਅਤੇ ਕਿਤਾਬਾਂ ਆਦਿ ਸਮੇਤ ਲਗਪਗ ਹਰ ਚੀਜ਼ ਦੇ ਥੋਕ ਬਾਜ਼ਾਰ ਹਨ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਨ੍ਹਾਂ ਥੋਕ ਮੰਡੀਆਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਅਤੇ ਇਨ੍ਹਾਂ ਮੰਡੀਆਂ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣਾ ਹੈ। ਵਰਨਣਯੋਗ ਹੈ ਕਿ ਥੋਕ ਮੰਡੀ ਦੇ ਨੁਮਾਇੰਦਿਆਂ ਨਾਲ ਇਹ ਪਹਿਲੀ ਮੀਟਿੰਗ ਸੀ ਜਿਸ ਵਿੱਚ ਥੋਕ ਮੰਡੀ ਐਸੋਸੀਏਸ਼ਨ ਦੇ 30 ਵਿਅਕਤੀਆਂ ਨੇ ਆਪਣੇ ਸੁਝਾਅ ਦਿੱਤੇ।