ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਫਰਵਰੀ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਤੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਰੈਫਰੈਂਡਮ 2020 ਦੇ ਮੁੱਦੇ ਨੂੰ ਪਹਿਲਾਂ ਕਿਸੇ ਨੇ ਵੀ ਸਮਰਥਨ ਨਹੀਂ ਦਿੱਤਾ ਸੀ ਤੇ ਅੱਜ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਫਿਰ ਤੋਂ ਉਠਾ ਰਹੀ ਹੈ ਅਤੇ ਅੱਜ ਖ਼ੁਦ ਖ਼ਾਲਿਸਤਾਨੀ ਆਗੂ ਵੱਲੋਂ ਕੀਤੇ ਜਾ ਰਹੇ ਦੇਸ਼ ਵਿਰੋਧੀ ਕੰਮ ਨੂੰ ਰੱਦ ਕਰ ਦਿੱਤਾ ਹੈ।
ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਖਾਲਿਸਤਾਨੀ ਰਾਏਸ਼ੁਮਾਰੀ 2020 ਦਾ ਮੁੱਦਾ ਚੁੱਕ ਕੇ ਆਪਣੀਆਂ ਰਾਸ਼ਟਰ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੇ ਇਸ ਦੇ ਆਗੂਆਂ ਦੇ ਖ਼ਤਰਨਾਕ ਮਨਸੂਬਿਆਂ ਤੋਂ ਸੁਚੇਤ ਕਰਦਿਆਂ ਰਾਸ਼ਟਰਵਾਦੀ ਅਤੇ ਦੇਸ਼ ਦੀ ਏਕਤਾ ਦੀ ਸਭ ਤੋਂ ਵੱਡੀ ਸਮਰਥਕ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਦੀ ਅਪੀਲ ਕੀਤੀ। ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਦੇ ਰਾਸ਼ਟਰੀ ਬੁਲਾਰੇ ਗੋਪਾਲ ਕ੍ਰਿਸ਼ਨ ਅਗਰਵਾਲ ਅਤੇ ਪ੍ਰਦੇਸ਼ ਭਾਜਪਾ ਮੀਡੀਆ ਮੁਖੀ ਨਵੀਨ ਕੁਮਾਰ ਜਿੰਦਲ ਮੌਜੂਦ ਸਨ।
ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ਲਈ ਇਸ ਵਾਰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਕੇਂਦਰ ਦੀ ਮੋਦੀ ਸਰਕਾਰ ਦੇ 8 ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖ ਕੌਮ ਲਈ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸਿੱਖਾਂ ਅਤੇ ਪੰਜਾਬੀਅਤ ਲਈ ਜਿੰਨਾ ਕੰਮ ਆਜ਼ਾਦੀ ਤੋਂ ਬਾਅਦ ਭਾਜਪਾ ਨੇ ਕੀਤਾ ਹੈ, ਓਨਾ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ।
ਸਿਰਸਾ ਨੇ ਕਿਹਾ ਕਿ ਕਾਂਗਰਸ ਨੇ ਵੰਡ ਵੇਲੇ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨੂੰ ਭਾਰਤ ਵਿਚ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਅਤੇ ਬਾਅਦ ਵਿਚ 1965 ਅਤੇ 1971 ਦੀਆਂ ਜੰਗਾਂ ਦੌਰਾਨ ਮੌਕੇ ਨੂੰ ਗਵਾਇਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੌਰਾਨ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਹੋਇਆ ਜਦੋਂਕਿ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਤਖ਼ਤ ਅੱਗੇ ਮੱਥਾ ਟੇਕਦੇ ਹਨ ਅਤੇ ਪੰਜਾਬ ਦੀ ਖੁਸ਼ਹਾਲੀ ਦੀਆਂ ਗੱਲਾਂ ਕਰਦੇ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਕੰਮ ਕਰਦੇ ਹਨ, ਉਹੋ ਜਿਹੀ ਭਾਵਨਾ ਵਿਰੋਧੀ ਧਿਰ ਦੇ ਕਿਸੇ ਹੋਰ ਆਗੂ ਵਿੱਚ ਨਹੀਂ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਇੱਕਜੁੱਟ ਹੋ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ।
ਕਾਂਗਰਸ ’ਤੇ ਦੋਸ਼ ਲਾਉਂਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕੇਂਦਰ ਦੀਆਂ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ, ਜਿਸ ਕਾਰਨ ਵੱਡੀ ਪੱਧਰ ’ਤੇ ਲੋਕ ਇਨ੍ਹਾਂ ਸਕੀਮਾਂ ਦਾ ਸਹੀ ਢੰਗ ਨਾਲ ਲਾਭ ਨਹੀਂ ਉਠਾ ਸਕੇ।
‘ਆਪ’ ਦੇ ਚਿਹਰੇ ਤੋਂ ਇਮਾਨਦਾਰੀ ਦਾ ਮੁਖੌਟਾ ਉਤਰਿਆ: ਗੁਪਤਾ
ਨਵੀਂ ਦਿੱਲੀ: ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੇ ਕਰੀਬੀ ਮੰਨੀ ਜਾਂਦੀ ਆਮ ਆਦਮੀ ਪਾਰਟੀ ਦੀ ਕੌਂਸਲਰ ਗੀਤਾ ਰਾਵਤ ਵੱਲੋਂ ਰਿਸ਼ਵਤ ਲੈਣਾ ਸ਼ਰਮਨਾਕ ਹੈ। ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ‘ਆਪ’ ਕੌਂਸਲਰ ਰੇਹੜੀ ਵਾਲਿਆਂ ਤੋਂ ਫਿਰੌਤੀ ਦਾ ਵੱਡਾ ਰੈਕੇਟ ਚਲਾਉਣ ਦਾ ਕੰਮ ਕਰ ਰਹੀ ਸੀ ਜਿਸ ਨੂੰ ਸੀਬੀਆਈ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਆਮ ਆਦਮੀ ਪਾਰਟੀ ਦੀ ਨਹੀਂ ਸਗੋਂ ਅੱਜ ਇਹ ਠੱਗਾਂ ਦੀ ਪਾਰਟੀ ਬਣ ਚੁੱਕੀ ਹੈ। ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਦੇ ਸੂਬਾ ਮੀਡੀਆ ਮੁਖੀ ਸ੍ਰੀ ਨਵੀਨ ਕੁਮਾਰ ਜਿੰਦਲ ਮੌਜੂਦ ਸਨ। ਸ੍ਰੀ ਗੁਪਤਾ ਨੇ ਕਿਹਾ ਕਿ ਪੂਰਬੀ ਦਿੱਲੀ ਵਿੱਚ ਰਿਸ਼ਵਤ ਲੈਂਦਿਆਂ ਕੌਂਸਲਰ ਗੀਤਾ ਰਾਵਤ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਚਿਹਰੇ ਤੋਂ ਝੂਠੀ ਇਮਾਨਦਾਰੀ ਦਾ ਮਖੌਟਾ ਉਤਰ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਸਲੀ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਹੈ ਅੱਜ ਜਿਸ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਐਨਜੀਓ ਪ੍ਰਜਾ ਫਾਊਂਡੇਸ਼ਨ ਵੱਲੋਂ ਕੀਤੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਦਿੱਲੀ ਵਿੱਚ ਸਭ ਤੋਂ ਮਾੜੀ ਵਾਰਡ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਹੈ ਕਿਉਂਕਿ ਪਿਛਲੇ ਪੰਜ ਸਾਲਾਂ ਵਿੱਚ ‘ਆਪ’ ਕੌਂਸਲਰਾਂ ਨੇ ਕੋਈ ਕੰਮ ਨਹੀਂ ਕੀਤਾ। ‘ਆਪ’ ਵੱਲੋਂ ਇਨ੍ਹਾਂ ਦੋਸ਼ਾਂ ਦਾ ਸਖ਼ਤ ਖੰਡਨ ਕੀਤਾ ਗਿਆ ਹੈ ਤੇ ਦੋਸ਼ਾਂ ਨੂੰ ਨਿਰਮੂਲ ਕਰਾਰ ਦਿੱਤਾ ਗਿਆ ਹੈ।