ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਸਾਥੀ ਚੰਦਰ ਸ਼ੇਖਰ ਆਜ਼ਾਦ ਨੂੰ ਯਾਦ ਕਰਦਿਆਂ ਕਿਹਾ ਕਿ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਅੱਜ ਦੇ ਦਿਨ 23 ਜੁਲਾਈ 1906 ਦੇ ਵਿੱਚ ਹੋਇਆ। ਅੱਜ ਦੇ ਕਿਸਾਨੀ ਘੋਲ ਨੂੰ ਉਦੋਂ ਦੇ ਅੰਗਰੇਜ਼ੀ ਸਾਮਰਾਜ ਖ਼ਿਲਾਫ਼ ਕਿਰਤੀ ਲੋਕਾਂ ਲਈ ਬਰਾਬਰਤਾ ਦਾ ਰਾਜ ਲਿਆਉਣ ਲਈ ਚੱਲ ਰਹੇ ਸੰਘਰਸ਼ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਕਿਰਤੀ ਲੋਕਾਂ ਦੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਨਤਕ ਜਮਹੂਰੀ ਜਥੇਬੰਦੀਆਂ ਆਪੋ ਆਪਣੇ ਢੰਗ ਨਾਲ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ’ਤੇ ਬੀਤੇ ਕੱਲ 22 ਜੁਲਾਈ ਤੋਂ ਲਗਾਤਾਰ ਸੰਸਦ ਵੱਲ ਜਾਣ ਦਾ ਜੋ ਪਹਿਲਾ ਦਿਨ ਸੀ, ਮੋਰਚੇ ਦੀ ਟੀਮ ਨੂੰ ਪ੍ਰਸ਼ਾਸਨ ਵੱਲੋਂ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਕਾਫੀ ਖੱਜਲ ਖੁਆਰ ਕੀਤਾ ਗਿਆ ਪਰ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੀ ਕਿਸਾਨ ਲੀਡਰਸ਼ਿਪ ਦੀ ਸੁਚੱਜੀ ਅਗਵਾਈ ਸਦਕਾ ਆਪਣੇ ਮਿੱਥੇ ਹੋਏ ਟੀਚੇ ਮੁਤਾਬਕ ਕਿਸਾਨਾਂ ਦੇ ਜਥੇ ਜੰਤਰ-ਮੰਤਰ ਤੇ ਪਹੁੰਚ ਕੇ ਸਰਕਾਰਾਂ ਖ਼ਿਲਾਫ ਸੈਸ਼ਨ ਚਲਾ ਕੇ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਪਾਰਟੀਆਂ ਨੂੰ ਸੰਸਦ ਵਿੱਚ ਕਿਸਾਨਾਂ ਦੇ ਹੱਕ ਵਿੱਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਬੋਲਣ ਲਈ ਮਜਬੂਰ ਕਰਨਾ ਇਕ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਇਹ ਲੰਮੇ ਘੋਲ ਦੀ ਮਿਸਾਲ ਹੈ।
ਉਨ੍ਹਾਂ ਚੱਲ ਰਹੇ ਲੰਮੇ ਕਿਸਾਨ ਮੋਰਚੇ ਦੀ ਜਿੱਤ ਦੀਆਂ ਮਿਸਾਲਾਂ ਪੇਸ਼ ਕਰਦੇ ਹੋਏ ਕਿਹਾ ਕਿ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਇੱਕ ਜੀਅ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੇਣਾ ਇਸ ਮੋਰਚੇ ਦੀ ਹੀ ਪ੍ਰਾਪਤੀ ਹੈ।
ਕਿਸਾਨ ਅੰਦੋਲਨ ’ਚ ਸ਼ਮੂਲੀਅਤ ਲਈ ਪਿੰਡਾਂ ’ਚ ਲਾਮਬੰਦੀ
ਜੀਂਦ (ਮਹਾਵੀਰ ਮਿੱਤਲ) : ਕਿਸਾਨ ਅੰਦੋਲਨ ਵਿੱਚ ਪਿੰਡਾਂ ਤੋਂ ਵੱਧ ਗਿਣਤੀ ਵਿੱਚ ਭਾਗੀਦਾਰੀ ਯਕੀਨੀ ਬਣਾਉਣ ਲਈ ਕਿਸਾਨ ਆਗੂ ਪਿੰਡਾਂ ਵਿੱਚ ਦੌਰੇ ਕਰ ਰਹੇ ਹਨ। ਖੇੜਾ ਖਾਪ ਦੇ ਪ੍ਰਧਾਨ ਸਤਿਵੀਰ ਪਹਿਲਵਾਨ ਨੇ ਪਿੰਡ ਘਸੋ ਵਿੱਚ ਕਿਹਾ ਕਿ ਜੋ ਅੰਦੋਲਨ ਕਿਸਾਨਾਂ ਨੇ ਸ਼ੁਰੂ ਕੀਤਾ ਸੀ, ਉਹ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ। ਇਸ ਅੰਦੋਲਨ ਤੋਂ ਸਰਕਾਰ ਬੌਖਲਾ ਚੁੱਕੀ ਹੈ। ਅੰਦੋਲਨ ਤੋੜਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤਾਂ ਜੇ ਕੋਈ ਕਿਸਾਨਾਂ ਦੇ ਪੱਖ ਵਿੱਚ ਬੋਲਦਾ ਹੈ ਤਾਂ ਸਰਕਾਰ ਦੇ ਇਸ਼ਾਰੇ ’ਤੇ ਉਸਦੇ ਖਿਲਾਫ਼ ਦਬਾਅ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਸ਼ੁਰੂ ਹੋਏ 8 ਮਹੀਨੇ ਹੋ ਚੁੱਕੇ ਹਨ, ਹੁਣ ਤੱਕ ਨਾ ਤਾਂ ਕਿਸਾਨਾਂ ਦਾ ਹੌਸਲਾ ਟੁੱਟਿਆ ਹੈ ਅਤੇ ਨਾ ਹੀ ਭੀੜ ਘੱਟ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਖਟਕੜ ਟੌਲ ਕੋਲ ਚੱਲਣ ਵਾਲੇ ਕਿਸਾਨ ਧਰਨੇ ਤੋਂ ਇਲਾਵਾ ਦਿੱਲੀ ਦੇ ਬਾਰਡਰ ’ਤੇ ਚੱਲ ਰਹੇ ਕਿਸਾਨ ਧਰਨਿਆਂ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਪਹੁੰਚ ਰਹੇ ਹਨ। ਮਹਿਲਾਵਾਂ ਅਤੇ ਨੌਜਵਾਨਾਂ ਦੀ ਭੀੜ ਲਗਾਤਾਰ ਵੱਧ ਰਹੀ ਹੈ। ਘਰ ਦੇ ਕੰਮ-ਕਾਜ ਕਰਕੇ ਮਹਿਲਾਵਾਂ ਧਰਨਿਆਂ ਉੱਤੇ ਪੁੱਜ ਰਹੀਆਂ ਹਨ। ਕਿਸਾਨ ਅਪਣਾ ਮਨ ਬਣਾ ਚੁੱਕਿਆ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀ ਨਹੀਂ ਹੁੰਦੀਆਂ, ਉਦੋਂ ਤੱਕ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਖਟਕੜ ਟੌਲ ਪਲਾਜ਼ੇ ਕੋਲ ਕਿਸਾਨਾਂ ਦੇ ਧਰਨੇ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਇੱਥੇ ਕਿਸੇ ਵੀ ਰਾਜਨੇਤਾ ਨੂੰ ਮਾਈਕ ਨਹੀਂ ਦਿੱਤਾ ਜਾਵੇਗਾ।