ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਜਿਥੇ ਵੀ ਕਿਸੇ ਨੇ ਮੰਗ ਕੀਤੀ ਹੈ ਉਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਲਗਾਉਣ ਦੀ ਸੇਵਾ ਨਿਭਾਈ ਹੈ। ਪਿਛਲੇ 5 ਮਹੀਨਿਆਂ ਦੌਰਾਨ ਸੈਕਟਰ -23, ਸੈਕਟਰ -16, ਬਾਈਪਾਸ, ਬਦਰਪੁਰ, ਡਾਕਖਾਨਾ, ਰੋਹਿਨੀ ਆਦਿ ਹਰ ਹਲਕੇ ਵਿੱਚ ਲੋਕਾਂ ਦੀ ਮੰਗ ’ਤੇ ਲੰਗਰ ਭੇਜਿਆ ਜਾ ਰਿਹਾ ਹੈ। ਗੁਰਸਿੱਖੀ ਦਾ ਸਿਧਾਂਤ ਹੈ ਕਿ ਗੁਰੂ ਦੀ ਗੌਲਕ-ਗਰੀਬ ਦਾ ਮੂੰਹ ਇਸ ਉਦੇਸ਼ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉਹ ਰੋਹਿਣੀ ਸੈਕਟਰ -15 ਵਿਚ ਸ੍ਰੀ ਸੁਖਮਨੀ ਸਾਹਿਬ ਪਾਠ ਦੀ ਸਮਾਪਤੀ ‘ਤੇ ਵਿਚਾਰ ਪ੍ਰਗਟ ਕਰ ਰਹੇ ਸਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1984 ਵਿਚ ਹੋਏ ਸਿੱਖ ਕਤਲੇਆਮ ਅਤੇ ਦੰਗਾ ਪੀੜਤਾਂ ਦੀ ਨਿਰੰਤਰ ਸਹਾਇਤਾ ਕਰ ਰਹੀ ਹੈ। ਵਿਰਕ ਨੇ ਕਿਹਾ ਕਿ ਔਰਤਾਂ ਪਰਿਵਾਰਾਂ ਵਿਚ ਸਿੱਖ ਧਰਮ ਨੂੰ ਬਣਾਈ ਰੱਖਣ ਵਿਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ, ਇਸ ਲਈ ਸਾਨੂੰ ਔਰਤਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਹੋਵੇਗਾ। ਉਨ੍ਹਾਂ ਨੇ ਔਰਤਾਂ ਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਦੇ ਮੁਖੀ ਨੂੰ ਸਿੱਖੀ, ਗੁਰਬਾਣੀ ਤੇ ਬਾਣੇ ਨਾਲ ਜੋੜਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਗੌਰਵਮਈ ਸਿੱਖ ਇਤਿਹਾਸ ਨਾਲ ਜੋੜਣ ਦਾ ਸੱਦਾ ਦਿੱਤਾ, ਤਾਂ ਜੋ ਉਹ ਦੇਸ਼, ਸਮਾਜ ਤੇ ਕੌਮ ਦੀ ਸੇਵਾ ਪ੍ਰਤੀ ਸਮਰਪਿਤ ਹੋ ਸਕਣ। ਇਸ ਦੌਰਾਨ ਉਨ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਸੂਟ ਅਤੇ ਮਾਸਕ ਵੀ ਵੰਡੇ। ਆਈ ਸੰਗਤ ਲਈ ਗੁਰੂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ, ਬਲਕਾਰ ਸਿੰਘ, ਦਲੇਰ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਮੱਖਣ ਸਿੰਘ, ਸਲਵਿੰਦਰ ਸਿੰਘ, ਦਿਲਬਾਗ ਸਿੰਘ, ਗੁਰਦੇਵ ਸਿੰਘ ਅਤੇ ਜਸਬੀਰ ਸਿੰਘ ਹਾਜ਼ਰ ਸਨ।