ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਾਰਚ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਵਿੱਚ ਆਬਕਾਰੀ ਨੀਤੀ ਵਿੱਚ ਤਬਦੀਲੀਆਂ ਕਰਨ ਦਾ ਐਲਾਨ ਕੀਤਾ। ਸ਼ਰਾਬ ਪੀਣ ਦੀ ਘੱਟੋ ਘੱਟ ਉਮਰ ਵਿਚ ਤਬਦੀਲੀਆਂ ਤੋਂ ਇਲਾਵਾ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਹੋਰ ਵੱਡਾ ਐਲਾਨ ਕੀਤਾ ਕਿ ਦਿੱਲੀ ਸਰਕਾਰ ਹੁਣ ਸ਼ਹਿਰ ਵਿਚ ਸ਼ਰਾਬ ਸਟੋਰ ਨਹੀਂ ਚਲਾਏਗੀ ਅਤੇ ਰਾਸ਼ਟਰੀ ਰਾਜਧਾਨੀ ਵਿਚ ਸ਼ਰਾਬ ਦੀ ਕੋਈ ਨਵੀਂ ਦੁਕਾਨ ਨਹੀਂ ਖੋਲ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ਚਲਾਉਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਬਿਨਾਂ ਲਾਇਸੈਂਸ ਦੇ ਸ਼ਰਾਬ ਦੇ ਸਟੋਰ ਵੀ ਬੰਦ ਰਹਿਣਗੇ।
ਸਿਸੋਦੀਆ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਨੂੰ ਮੰਤਰੀ ਮੰਡਲ ਨੇ ਅੱਜ ਮੰਤਰੀ ਸਮੂਹ ਦੇ ਸਿਫ਼ਾਰਸ਼ਾਂ ਦੇ ਆਧਾਰ ’ਤੇ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਲਿਆ ਗਿਆ ਕਿ ਰਾਸ਼ਟਰੀ ਰਾਜਧਾਨੀ ਵਿੱਚ ਨਵੀਂ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ ਤੇ ਸਰਕਾਰ ਕੋਈ ਵੀ ਸ਼ਰਾਬ ਦੀ ਦੁਕਾਨ ਨਹੀਂ ਚਲਾਏਗੀ। ਫਿਲਹਾਲ ਦਿੱਲੀ ਵਿੱਚ ਸ਼ਰਾਬ ਦੀਆਂ 60 ਪ੍ਰਤੀਸ਼ਤ ਦੁਕਾਨਾਂ ਸਰਕਾਰ ਚਲਾ ਰਹੀ ਹੈ। ਸ਼ਰਾਬ ਦੀਆਂ ਦੁਕਾਨਾਂ ਲਈ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ਦਾ ਖੇਤਰਫਲ 500 ਵਰਗ ਫੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਟੋਰਾਂ ਦੀਆਂ ਖਿੜਕੀਆਂ ਸੜਕ ਸਾਹਮਣੇ ਨਹੀਂ ਆਉਣੀਆਂ ਚਾਹੀਦੀਆਂ।