ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਦਿੱਲੀ ਵਿੱਚ ਥਾਂ-ਥਾਂ ਸੁਰੱਖਿਆ ਵਿਵਸਥਾ ਮਜ਼ਬੂਤ ਹੋਣ ਦੇ ਬਾਵਜੂਦ ਲਾਲ ਕਿਲ੍ਹੇ ਦੇ ਨੇੜੇ 26 ਸਾਲ ਦੀ ਮੁਟਿਆਰ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦੇ ਮਿਦਨਾਪੁਰ ਤੋਂ ਇਹ ਲੜਕੀ ਕਰੀਬ ਛੇ ਮਹੀਨੇ ਪਹਿਲਾਂ ਦਿੱਲੀ ਨੌਕਰੀ ਦੀ ਭਾਲ ਵਿੱਚ ਆਈ ਸੀ, ਪਰ ਉਸ ਨੂੰ ਕੋਈ ਕੰਮ ਨਹੀਂ ਮਿਲਿਆ। ਉਹ ਲਾਲ ਕਿਲ੍ਹੇ ਦੇ ਪਿਛਲੇ ਪਾਸੇ ਰਹਿੰਦੀ ਸੀ। ਜਦੋਂ ਉਹ ਲਾਲ ਕਿਲ੍ਹੇ ਦੇ ਪਿੱਛੇ ਬਣੇ ਦਿੱਲੀ ਚਲੋ ਪਾਰਕ ਵਿੱਚ ਬੈਠੀ ਸੀ ਤਾਂ ਇਸ ਦੌਰਾਨ ਦੋ ਨੌਜਵਾਨਾਂ ਉੱਥੇ ਆਏ ’ਤੇ ਚਾਕੂ ਦੀ ਨੋਕ ’ਤੇ ਉਸ ਨਾਲ ਬਲਾਤਕਾਰ ਕੀਤਾ ਅਤੇ ਫ਼ਰਾਰ ਹੋ ਗਏ। ਦਿੱਲੀ ਪੁਲੀਸ ਮੁਤਾਬਕ, ਆਜ਼ਾਦੀ ਦਿਹਾੜੇ ਮੌਕੇ ਸੁਰੱਖਿਆ ਲਈ ਤਾਇਨਾਤ ਦਿੱਲੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਗਸ਼ਤ ਦੌਰਾਨ ਪੀੜਤਾ ਨੂੰ ਟੋਏ ਵਿੱਚ ਖੜੇ ਪਾਣੀ ਵਿੱਚ ਕੱਪੜੇ ਸਾਫ਼ ਕਰਦਿਆਂ ਵੇਖਿਆ ਅਤੇ ਪੁਲੀਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਕੋਤਵਾਲੀ ਪੁਲੀਸ ਨੇ ਪੀੜਤ ਲੜਕੀ ਨੂੰ ਅਰੁਣਾ ਆਸਿਫ਼ ਅਲੀ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿਸ ਮਗਰੋਂ ਉਸ ਨੂੰ ਨਾਰੀ ਨਿਕੇਤਨ ਵਿੱਚ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਦੇ ਰੇਖਾ ਚਿੱਤਰ ਤਿਆਰ ਕੀਤੇ ਅਤੇ ਦੋਵਾਂ ਦੀ ਪਛਾਣ ਰਾਜ ਤੇ ਕਿਰਨ ਵੱਜੋਂ ਦੱਸੀ ਜਾ ਰਹੀ ਹੈ, ਦਾ ਪਿਛੋਕੜ ਵੀ ਅਪਰਾਧਕ ਹੈ।