ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਰਾਮਗੜ੍ਹੀਆ ਬੈਂਕ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਤੇ ਕਮੇਟੀ ਦੀ ਨਵੀਂ ਮੈਂਬਰ ਰਣਜੀਤ ਕੌਰ ਤੇ ਉਨ੍ਹਾਂ ਦਾ ਪੈਨਲ ਜਿੱਤ ਗਿਆ। ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਰਾਮਗੜ੍ਹੀਆ ਬੈਂਕ ਦੇ ਅਹੁਦੇਦਾਰਾਂ ਦੀ ਵੱਡੀ ਅਹਿਮੀਅਤ ਹੋਣ ਕਰ ਕੇ ਇਹ ਚੋਣਾਂ ਵੀ ਕਾਫੀ ਮਹੱਤਤਾ ਰੱਖਦੀਆਂ ਹਨ। ਜੋ ਉਮੀਦਵਾਰ ਇਸ ਵਾਰ ਜਿੱਤੇ ਹਨ ਉਨ੍ਹਾਂ ਵਿੱਚੋਂ ਬਹੁਤੇ ਬਾਦਲ ਧੜੇ ਪੱਖੀ ਹਨ। ਰਣਜੀਤ ਕੌਰ ਦੇ ਪੈਨਲ ਨੇ ਬਲਵਿੰਦਰ ਮੋਹਨ ਸਿੰਘ ਸੰਧੂ ਦੇ ਪੈਨਲ ਨੂੰ ਚੇਅਰਪਰਸਨ ਸਣੇ ਮੀਤ ਚੇਅਰਮੈਨ, 8 ਮਰਦ ਡਾਇਰੈਕਟਰਾਂ ਤੇ 2 ਡਾਇਰੈਕਟਰਾਂ ਮਹਿਲਾ ਦੀ ਚੋਣ ਵਿੱਚ ਹਰਾਇਆ। ਬਲਵਿੰਦਰ ਮੋਹਨ ਸਿੰਘ ਸੰਧੂ ਪੈਨਲ ਵਿੱਚ ਹਾਰਨ ਵਾਲਿਆਂ ਵਿੱਚੋਂ ਖ਼ੁਦ ਸ੍ਰੀ ਸੰਧੂ, ਜਤਿੰਦਰ ਸਿੰਘ ਗਾਗੀ (ਰਾਮਗੜ੍ਹੀਆ ਬੋਰਡ), ਟੀਪੀ ਸਿੰਘ ਮੁੱਖ ਹਨ। ‘ਆਪ’ ਵੱਲੋਂ ਅਮਰਜੀਤ ਸਿੰਘ (ਮੈਂਬਰ ਪੰਜਾਬੀ ਅਕਾਦਮੀ ਗਵਰਨਿੰਗ ਕੌਂਸਲ) ਤੇ ਬਾਦਲ ਵਿਰੋਧੀਆਂ ਵਿੱਚੋਂ ਗੁਰਚਰਨ ਸਿੰਘ ਗੱਤਕਾ ਮਾਸਟਰ ਜੇਤੂ ਰਹੇ, ਹਾਲਾਂ ਕਿ ਉਹ ਰਣਜੀਤ ਕੌਰ ਦੇ ਪੈਨਲ ਦਾ ਹੀ ਹਿੱਸਾ ਸਨ। ਆਲ ਇੰਡੀਆ ਰਾਮਗੜ੍ਹੀਆ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਰਿਆਤ ਸਮੇਤ ਹੋਰ ਸਨਅਤੀ, ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਵੱਲੋਂ ਰਣਜੀਤ ਕੌਰ ਦੇ ਪੈਨਲ ਦੀ ਡਟਵੀਂ ਹਮਾਇਤ ਕੀਤੀ ਗਈ ਸੀ। ਇਸ ਬੈਂਕ ਦੇ ਹੈੱਡਕੁਆਰਟਰ ਸਮੇਤ ਦਿੱਲੀ ਵਿੱਚ ਕੁੱਲ 4 ਬੈਂਕ ਹਨ ਤੇ 14000 ਤੋਂ ਵੱਧ ਮੈਂਬਰ ਹਨ।