ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਸਤੰਬਰ
ਕੈਬਨਿਟ ਮੰਤਰੀ ਤੇ ਟੀਵੀ ਅਦਾਕਾਰ ਇੱਥੇ 10 ਦਿਨਾਂ ਤੱਕ ਚੱਲਣ ਵਾਲੀ ਰਾਮਲੀਲਾ ਵਿੱਚ ਆਪਣੀ ਅਦਾਕਾਰੀ ਦੇ ਜ਼ੌਹਰ ਦਿਖਾਉਣਗੇ। ਰਾਮਲੀਲਾ ਦਾ ਆਯੋਜਨ 26 ਸਤੰਬਰ ਤੋਂ ਇੱਥੇ ਲਾਲ ਕਿਲੇ ਦੇ ਮੈਦਾਨ ਵਿੱਚ ਹੋਵੇਗਾ। ਇਹ ਅਗਲੇ ਮਹੀਨੇ ਦਸਹਿਰੇ ਵਾਲੇ ਦਿਨ ਸਮਾਪਤ ਹੋਵੇਗਾ। ਲਵ ਕੁਸ਼ ਰਾਮਲੀਲਾ ਵਿੱਚ ਬਾਹੂਬਲੀ-ਫੇਮ ਅਭਿਨੇਤਾ ਪ੍ਰਭਾਸ ਵੀ ਦਸਹਿਰੇ ’ਤੇ ਰਾਵਣ ਦਾ ਪੁਤਲਾ ਸਾੜਦੇ ਹੋਏ ਨਜ਼ਰ ਆਉਣਗੇ। ਲਵ ਕੁਸ਼ ਰਾਮਲੀਲਾ ਕਮੇਟੀ ਦੇ ਪ੍ਰਧਾਨ ਅਰਜੁਨ ਕੁਮਾਰ ਨੇ ਕਿਹਾ ਕਿ ਕਮੇਟੀ ਰਾਮਲੀਲਾ ਸਥਾਨ ’ਤੇ ‘ਕਰਤਾਵਯ’ ਦਾ ਮਾਡਲ ਰੱਖੇਗੀ।
ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਮੈਦਾਨ ਨੂੰ 75 ਝੰਡਿਆਂ ਨਾਲ ਸਜਾਇਆ ਜਾਵੇਗਾ। ਰਾਮਲੀਲਾ ਦੇ ਮੁੱਖ ਪ੍ਰਵੇਸ਼ ਦੁਆਰ ’ਤੇ ਭਗਵਾਨ ਰਾਮ ਦੀ ਤਸਵੀਰ ਲੱਗੀ ਹੋਵੇਗੀ। ਇਸ ਦਾ ਨਾਮ ‘ਰਾਮ ਦੁਆਰ’ ਰੱਖਿਆ ਗਿਆ ਹੈ ਤੇ ਦਰਿਆਗੰਜ ਵਾਲੇ ਪਾਸੇ ਤੋਂ ਆਉਣ ਵਾਲਿਆਂ ਦਾ ਸਵਾਗਤ ਕਰੇਗਾ। ਦੂਜੇ ਦਰਵਾਜ਼ੇ ਨੂੰ ‘ਨੇਤਾਜੀ ਸੁਭਾਸ਼ ਚੰਦਰ ਬੋਸ ਦੁਆਰ’ ਕਿਹਾ ਜਾਵੇਗਾ। ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਦਸਹਿਰੇ ਲਈ ਸੱਦਾ ਦਿੱਤਾ ਹੈ ਤੇ ਉਨ੍ਹਾਂ ਦੀ ਪੁਸ਼ਟੀ ਦੀ ਉਡੀਕ ਹੈ।
ਲਾਲ ਕਿਲੇ ਦੇ ਮੈਦਾਨ ’ਤੇ 180X60 ਫੁੱਟ ਦੀ ਤਿੰਨ ਮੰਜ਼ਿਲਾ ਸਟੇਜ ਬਣੇਗੀ। ਰਾਮ ਮੰਦਰ ਬਣਾਇਆ ਜਾਵੇਗਾ ਤੇ ‘ਲੀਲਾ’ ਰਾਮ ਮੰਦਰ ਦੇ ਅੰਦਰ ਹੋਵੇਗੀ। ਤਿੰਨ ਕੈਬਨਿਟ ਮੰਤਰੀ ਅਸ਼ਵਨੀ ਕੁਮਾਰ ਚੌਬੇ, ਰਿਸ਼ੀ ਵਸ਼ਿਸ਼ਠ ਦੀ ਭੂਮਿਕਾ ਨਿਭਾਉਣਗੇ, ਸਟੀਲ ਰਾਜ ਮੰਤਰੀ ਫੱਗਣ ਸਿੰਘ ਕੁਲਸਤੇ ਰਿਸ਼ੀ ਅਗਸਤਿਆ ਦੀ ਭੂਮਿਕਾ ਨਿਭਾਉਣਗੇ। ਸੱਭਿਆਚਾਰ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਭਜਨ ਗਾਇਨ ਕਰਨਗੇ। ਮਨੋਜ ਤਿਵਾੜੀ ਕੇਵਤ ਦੀ ਭੂਮਿਕਾ ਨਿਭਾਉਣਗੇ। ਅਸਰਾਨੀ ਨਾਰਦ ਦੀ ਭੂਮਿਕਾ ਨਿਭਾਉਣਗੇ ਜਦੋਂ ਕਿ ਟੀਵੀ ਅਦਾਕਾਰ ਨਿਰਭੈ ਵਾਧਵਾ ਮਹਾਬਲੀ ਹਨੂੰਮਾਨ ਦੀ ਭੂਮਿਕਾ ਨੂੰ ਦੁਬਾਰਾ ਨਿਭਾਉਣਗੇ। ਅਖਿਲੇਂਦਰ ਮਿਸ਼ਰਾ ਰਾਵਣ ਦੀ ਭੂਮਿਕਾ ਨਿਭਾਏਗਾ। ਮੇਕਅੱਪ ਆਰਟਿਸਟ ਵਿਸ਼ਨੂੰ ਪਾਟਿਲ ਰਾਮਲੀਲਾ ਲਈ ਇੱਥੇ ਦਿੱਲੀ ਵਿੱਚ ਤਾਇਨਾਤ ਹੋਣਗੇ।