ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਮਈ
ਦਿੱਲੀ ਦੀਆਂ ਅਹਿਮ ਸਿੰਘ ਸਭਾਵਾਂ ਵਿੱਚ ਸ਼ੁਮਾਰ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਬੰਧਕਾਂ ਵੱਲੋਂ ਇਸ ਗੁਰਦੁਆਰੇ ਦੀ ਚੋਣ ਦਾ ਐਲਾਨ ਕਰ ਦਿੱਤਾ ਗਿਆ। ਵੋਟਾਂ ਚਾਰ ਸਤੰਬਰ ਨੂੰ ਪੈਣਗੀਆਂ। ਇਸ ਚੋਣ ਨੂੰ ਸਿਰੇ ਚਾੜ੍ਹਨ ਲਈ ਅੱਜ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਐੱਚ.ਐੱਸ ਭਾਟੀਆ, ਸੁਰਜੀਤ ਸਿੰਘ ਮਦਾਨ, ਸੁੰਦਰ ਸਿੰਘ ਨਾਰੰਗ, ਹਰਜੀਤ ਸਿੰਘ ਰਾਜਾ ਬਖ਼ਸ਼ੀ ਸ਼ਾਮਲ ਹੋਏ ਤੇ ਚੋਣ ਨਿਰਪੱਖ ਤਰੀਕੇ ਨਾਲ ਕਰਵਾਉਣ ਬਾਰੇ ਚਰਚਾ ਕੀਤੀ ਗਈ। ਸਿੰਘ ਸਭਾ ਦੇ ਇਲਾਕੇ ਵਿੱਚ ਬੀਤੇ ਮਹੀਨਿਆਂ ਦੌਰਾਨ ਵੋਟਾਂ ਬਣਾਉਣ ਦਾ ਕੰਮ ਨੇਪਰੇ ਚਾੜ੍ਹਿਆ ਗਿਆ। ਲਗਪਗ ਸਾਢੇ ਸੱਤ ਹਜ਼ਾਰ ਵੋਟਾਂ ਵੋਟਰ ਸੂਚੀ ਮੁਤਾਬਕ ਇਸ ਸਿੰਘ ਸਭਾ ਨਾਲ ਜੁੜੀ ਸੰਗਤ ਦੀਆਂ ਹਨ। ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਜੌਰੀ ਗਾਰਡਨ ਵਾਰਡ ਦੇ ਮੈਂਬਰ ਇੰਦਰਜੀਤ ਸਿੰਘ ਕੋਛੜ ਨੇ ਸਾਥੀਆਂ ਸਮੇਤ ਪ੍ਰਧਾਨ ਹਰਮਨਜੀਤ ਸਿੰਘ ਨੂੰ ਚੋਣ ਕਰਾਉਣ ਲਈ ਬੇਨਤੀ ਕੀਤੀ ਸੀ। ਸ੍ਰੀ ਹਰਮਨਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਕਰੋਨਾ ਮਹਾਮਾਰੀ ਹੋਣ ਕਰਕੇ ਤੇ ਫਿਰ ਖ਼ੁਦ ਪ੍ਰਧਾਨ ਦੀ ਸਿਹਤ ਬਹੁਤ ਗੰਭੀਰ ਹੋਣ ਕਰਕੇ ਚੋਣ ਅਮਲ ਨਹੀਂ ਹੋ ਸਕਿਆ।