ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜਨਵਰੀ
ਉੱਤਰੀ ਦਿੱਲੀ ਨਗਰ ਨਿਗਮ ਦੇ ਰਾਜਨ ਬਾਬੂ ਹਸਪਤਾਲ ਦੀ ਖਸਤਾ ਹਾਲਤ ਦਾ ਨੋਟਿਸ ਲੈਂਦਿਆਂ ਦਿੱਲੀ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਸਤਿੰਦਰ ਜੈਨ ਨੇ ਇਮਾਰਤ ਨੂੰ ਤੁਰੰਤ ਬੰਦ ਕਰਨ ਤੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਖਸਤਾ ਹਾਲਤ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਹ ਕਾਫੀ ਪ੍ਰੇਸ਼ਾਨ ਕਰਨ ਵਾਲੀਆਂ ਹਨ। ਅਜਿਹੀ ਹਾਲਤ ’ਚ ਉੱਥੇ ਮਰੀਜ਼ਾਂ ਦਾ ਇਲਾਜ ਕਰਨਾ ਨਾ ਸਿਰਫ਼ ਮਰੀਜ਼ਾਂ ਲਈ ਸਗੋਂ ਉੱਥੇ ਮੌਜੂਦ ਡਾਕਟਰਾਂ ਤੇ ਹੋਰ ਸਟਾਫ਼ ਲਈ ਵੀ ਘਾਤਕ ਸਾਬਤ ਹੋ ਸਕਦਾ ਹੈ। ਇਸ ਹਸਪਤਾਲ ਦੀ ਇਮਾਰਤ ਨੂੰ ਭਾਜਪਾ ਸ਼ਾਸਤ ਉੱਤਰੀ ਐੱਮਸੀਡੀ ਨੇ ਹੀ ਖ਼ਤਰਨਾਕ ਕਰਾਰ ਦਿੱਤਾ ਹੈ। ਇਸ ਦੇ ਬਾਵਜੂਦ ਇੱਥੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਐੱਮਸੀਡੀ ਦੀ ਲਾਪ੍ਰਵਾਹੀ ਦਾ ਸਿੱਟਾ ਹੈ। ਹਸਪਤਾਲ ਵਿੱਚ ਡਾਕਟਰਾਂ ਤੇ ਪੈਰਾਮੈਡਿਕਸ ਦੀਆਂ ਸੇਵਾਵਾਂ ਫਿਲਹਾਲ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਦਿੱਲੀ ਦੇ ਸ਼ਹਿਰੀ ਵਿਕਾਸ ਮੰਤਰੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਸ਼ਾਸਿਤ ਉੱਤਰੀ ਐੱਮਸੀਡੀ ਦੇ ਰਾਜਨ ਬਾਬੂ ਹਸਪਤਾਲ ਦੀ ਖਸਤਾ ਹਾਲਤ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਤ ਉੱਤਰੀ ਐੱਮਸੀਡੀ ਵਿੱਚ ਰਾਜਨ ਬਾਬੂ ਹਸਪਤਾਲ ਦੀ ਹਾਲਤ ਖ਼ਰਾਬ ਹੋਣ ਦੇ ਬਾਵਜੂਦ ਇਸ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਮਾਰਤ ਦੀ ਹਾਲਤ ਇਹ ਹੈ ਕਿ ਇਹ ਕਿਸੇ ਸਮੇਂ ਵੀ ਡਿੱਗ ਸਕਦੀ ਹੈ। ਅਜਿਹੇ ਵਿੱਚ ਉਥੇ ਇਲਾਜ ਕਰਵਾਉਣਾ ਤਾਂ ਦੂਰ, ਖੜ੍ਹੇ ਹੋਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ। ਹਸਪਤਾਲ ਦੀ ਇਮਾਰਤ ਨੂੰ ਤੁਰੰਤ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਵਧੀਕ ਮੁੱਖ ਸਕੱਤਰ (ਸ਼ਹਿਰੀ ਵਿਕਾਸ) ਨੂੰ ਵੀ ਇਸ ਦੀ ਜਾਂਚ ਕਰਕੇ ਰਿਪੋਰਟ ਦਿੱਲੀ ਸਰਕਾਰ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ।