ਮਨਧੀਰ ਸਿੰੰਘ ਦਿਓਲ
ਨਵੀਂ ਦਿੱਲੀ, 17 ਜੂਨ
ਦਿੱਲੀ-ਐੱਨਸੀਆਰ ਦੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਪ੍ਰੀ-ਮੌਨਸੂਨ ਦੇ ਪਹਿਲੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਐੱਨਸੀਆਰ ਦੇ ਕਈ ਇਲਾਕਿਆਂ ਵਿੱਚ ਫਿਰ ਉਹੀ ਕਹਾਣੀ ਦੁਹਰਾਈ ਗਈ ਤੇ ਥਾਂ-ਥਾਂ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ 16 ਜੂਨ ਮਗਰੋਂ ਇਸ ਖਿੱਤੇ ਵਿੱਚ ਮੀਂਹ ਪਵੇਗਾ। ਦਿੱਲੀ ਦੇ ਸਾਰੇ ਇਲਾਕਿਆਂ ਤੋਂ ਇਲਾਵਾ ਐੱਨਸੀਆਰ ਦੇ ਨੇੜਲੇ ਖੇਤਰਾਂ ਫਰੀਦਾਬਾਦ, ਗੁਰੂਗ੍ਰਾਮ, ਬੱਲਭਗੜ੍ਹ, ਸੋਨੀਪਤ, ਪਾਣੀਪਤ ਆਦਿ ਤੇ ਯੂਪੀ ਦੇ ਲੋਨੀ ਬਾਰਡਰ, ਹਿੰਡਨ ਹਵਾਈ ਅੱਡੇ, ਗਾਜ਼ੀਆਬਾਦ, ਇੰਦਰਾਪੁਰਮ, ਛਪਰਾਉਲਾ, ਦਾਦਰੀ, ਨੋਇਡਾ ਵਿੱਚ ਤੇਜ਼ ਹਵਾਵਾਂ ਚੱਲੀਆਂ ਤੇ ਤੇਜ਼ ਮੀਂਹ ਪਿਆ। ਮੀਂਹ ਨਾਲ ਤਾਪਮਾਨ 22.8 ਡਿਗਰੀ ਤਾਪਮਾਨ ਹੋ ਗਿਆ ਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਉਪਰ ਟਿਕ ਗਿਆ। ਹਾਲਾਂਕਿ ਹੁੰਮਸ ਕਾਰਨ ਲੋਕਾਂ ਦੇ ਪਸੀਨੇ ਛੁੱਟ ਗਏ। ਇਸ ਖੇਤਰ ਵਿੱਚ 7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਫਰੀਦਾਬਾਦ ਵਿੱਚ ਕਈ ਥਾਵਾਂ ਉਪਰ ਪਾਣੀ ਭਰਿਆ
ਫਰੀਦਾਬਾਦ (ਪੱਤਰ ਪ੍ਰੇਰਕ): ਐੱਨਸੀਆਰ ਵਿੱਚ ਪਏ ਪਹਿਲੇ ਪ੍ਰੀ-ਮੌਨਸੂਨ ਮੀਂਹ ਦੌਰਾਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ਉਪਰ ਟ੍ਰੈਫਿਕ ਵੀ ਪ੍ਰਭਾਵਿਤ ਹੋਈ ਤੇ ਲੋਕਾਂ ਨੂੰ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਵਿੱਚ ਦੇਰੀ ਹੋਈ। ਬੀਤੇ ਦਿਨੀਂ ਐੱਨਸੀਆਰ ਵਿੱਚ ਆਏ ਝੱਖੜ ਕਾਰਨ ਸਥਾਨਕ ਪ੍ਰਸ਼ਾਸਨ ਦੀਆਂ ਜੋ ਕਮੀਆਂ ਸਾਹਮਣੇ ਆਈਆਂ ਸਨ ਉਹ ਅਜੇ ਤੱਕ ਠੀਕ ਨਹੀਂ ਕੀਤੀਆਂ ਗਈਆਂ। ਮੌਨਸੂਨ ਤੋਂ ਪਹਿਲਾਂ ਪਾਣੀ ਭਰਨ ਤੋਂ ਰੋਕਣ ਲਈ ਕੀਤੇ ਉਪਾਵਾਂ ਤੇ ਚੁੱਕੇ ਕਦਮਾਂ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ, ਜਿਸ ਕਰਕੇ ਕਈ ਨੀਵੇਂ ਇਲਾਕਿਆਂ ਵਿੱਚ ਸੜਕਾਂ ਉਪਰ ਪਾਣੀ ਭਰਿਆ। ਕਈਆਂ ਵਿਅਕਤੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਅਜੇ ਵੀ ਸੁੱਤਾ ਹੋਇਆ ਹੈ। ਇਸ ਕਾਰਨ ਸੜਕਾਂ ਤੇ ਨੀਵੇਂ ਖੇਤਰਾਂ ਵਿੱਚ ਹੁਣ ਵੀ ਪਾਣੀ ਖੜ੍ਹਦਾ ਹੈ। ਇਸ ਕਾਰਨ ਆਮ ਰਾਹਗੀਰਾਂ ਨੂੰ ਪਹਿਲਾਂ ਵਾਂਗ ਹੁਣ ਵੀ ਉਸੇ ਤਰ੍ਹਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।