ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਗਸਤ
ਦਿੱਲੀ-ਐਨਸੀਆਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਕੌਮੀ ਰਾਜਧਾਨੀ ਦਿੱਲੀ ਵਿੱਚ ਥਾਂ-ਥਾਂ ਸੜਕਾਂ ਉਪਰ ਪਾਣੀ ਭਰ ਗਿਆ, ਜਿਸ ਕਰਕੇ ਆਮ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਉਠਾਉਣੀ ਪਈ। ਮੌਸਮ ਮਹਿਕਮੇ ਵੱਲੋਂ ਦੱਸਿਆ ਗਿਆ ਹੈ ਕਿ ਅਗਲੇ ਦਿਨਾਂ ਦੌਰਾਨ ਵੀ ਮੀਂਹ ਪਵੇਗਾ। ਅਧਿਕਾਰੀਆਂ ਮੁਤਾਬਕ ਸਫ਼ਦਰਜੰਗ ਮੌਸਮ ਦਫ਼ਤਰ ਵਿਖੇ 28.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦੋਂ ਕਿ ਸ਼ਨਿਚਰਵਾਰ ਨੂੰ ਇੱਥੇ ਸਵੇਰੇ 8.30 ਵਜੇ ਤੋਂ ਐਤਵਾਰ ਸਵੇਰੇ ਇਸੇ ਸਮੇਂ ਤੱਕ 126.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦਿੱਲੀ ਦੀਆਂ ਕਈ ਸੜਕਾਂ ਉਪਰ ਪਹਿਲਾਂ ਪਏ ਮੀਂਹਾਂ ਵਾਲੇ ਦ੍ਰਿਸ਼ ਮੁੜ ਸੁਰਜੀਤ ਹੋ ਗਏ। ਯਮੁਨਾ ਬਾਜ਼ਾਰ, ਖ਼ਾਨਪੁਰ, ਰੋਹਤਕ ਰੋਡ, ਲੋਧੀ ਰੋਡ, ਆਜ਼ਾਦਪੁਰ, ਜ਼ਖੀਰਾ ਤੇ ਸ਼ਕਤੀ ਨਗਰ ਅੰਡਰਪਾਸ, ਕਿਰਾੜੀ, ਸਾਗਰਪੁਰ ਤੇ ਹੋਰ ਥਾਵਾਂ ਉਪਰ ਖਾਸਾ ਮੀਂਹ ਪਿਆ ਤੇ ਜਲ-ਥਲ ਹੋ ਗਿਆ। ਮਹਿਕਮੇ ਕੋਲ ਕਈ ਥਾਵਾਂ ਤੋਂ ਪਾਣੀ ਭਰਨ ਦੀਆਂ ਸ਼ਿਕਾਇਤਾਂ ਮਿਲੀਆਂ। ਮੁਲਾਜ਼ਮਾਂ ਨੂੰ ਸ਼ਿਕਾਇਤਾਂ ਦੂਰ ਕਰਨ ਲਈ ਭੇਜਿਆ ਗਿਆ ਤੇ ਟੀਮਾਂ ਕੰਮ ਕਰਦੀਆਂ ਰਹੀਆਂ।ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8 ਵਜੇ ਤੋਂ ਬਾਅਦ ਮਦਰ ਡੇਅਰੀ, ਯਮੁਨਾ ਵਿਹਾਰ, ਮਲਕਾ ਗੰਜ, ਤੀਸ ਹਜ਼ਾਰੀ ਅਤੇ ਕਸ਼ਮੀਰੀ ਗੇਟ ਮੈਟਰੋ ਸਟੇਸ਼ਨਾਂ, ਚੌਧਰੀ ਫਤਿਹ ਸਿੰਘ ਮਾਰਗ, ਮੁਨੀਰਕਾ ਅਤੇ ਨੰਗਲੋਈ ਆਦਿ ਦੇ ਨੇੜੇ ਸਥਿਤ ਪਾਟਪਰਗੰਜ ਰੋਡ ਦੇ ਅੰਡਰਪਾਸ ਤੋਂ ਪਾਣੀ ਭਰਨ ਸੰਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ। ਮੀਂਹ ਤੋਂ ਬਾਅਦ ਮੰਗੋਲਪੁਰੀ ਵਿਖੇ ਸੜਕ ਦਾ ਇੱਕ ਹਿੱਸਾ ਖਰਾਬ ਹੋ ਗਿਆ, ਜਿਸ ਨਾਲ ਖੇਤਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਟ੍ਰੈਫਿਕ ਪੁਲੀਸ ਨੇ ਇੱਕ ਟਵੀਟ ਵਿੱਚ ਕਿਹਾ, “ਮੰਗੋਲਪੁਰੀ ਵਿੱਚ ਵਾਈ-ਬਲਾਕ ਦੇ ਨੇੜੇ ਸੜਕ ਖਰਾਬ ਹੋ ਗਈ ਹੈ। ਇਕ ਹੋਰ ਟਵੀਟ ‘ਚ ਕਿਹਾ ਗਿਆ ਹੈ ਕਿ ਪਾਣੀ ਭਰਨ ਕਾਰਨ ਜ਼ਖੀਰਾ ਅੰਡਰਪਾਸ, ਆਜ਼ਾਦਪੁਰ ਅੰਡਰਪਾਸ ਅਤੇ ਸ਼ਕਤੀ ਨਗਰ ਅੰਡਰਪਾਸ’ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।