ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਅਗਸਤ
ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਿਨ ਦੌਰਾਨ ਰੁਕ-ਰੁਕ ਕੇ ਮੀਂਹ ਪੈਣ ਦਾ ਸਿਲਸਿਲਾ ਜਾਰੀ ਰਿਹਾ ਤੇ ਦਿੱਲੀ ਵਿੱਚ ਕਈ ਇਲਾਕਿਆਂ ਵਿੱਚ ਉਹੀ ਹਾਲਤ ਦਿਖਾਈ ਦਿੱਤੇ ਜੋ ਬੀਤੇ ਦਿਨਾਂ ਦੌਰਾਨ ਮੀਂਹ ਮਗਰੋਂ ਪਾਣੀ ਭਰਨ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ। ਹਾਲਾਂ ਕਿ ਦਿੱਲੀ ਸਰਕਾਰ ਵੱਲੋਂ 147 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ ਜਿੱਥੇ ਹਰ ਸਾਲ ਹੀ ਮੀਂਹਾਂ ਦਾ ਪਾਣੀ ਭਰਦਾ ਹੈ। ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ, ਫਰੀਦਾਬਾਦ, ਨੋਇਡਾ, ਗ੍ਰੇਟਰ ਨੋਇਡਾ ਤੇ ਗਾਜ਼ੀਆਬਾਦ ਦੇ ਇਲਾਕਿਆਂ ਵਿੱਚ ਦਰਮਿਆਨ ਮੀਂਹ ਪਿਆ।ਦਿੱਲੀ ਵਾਸੀਆਂ ਨੂੰ ਮੀਂਹ ਦੇ ਦਿਨਾਂ ਦੌਰਾਨ ਆਜ਼ਾਦਪੁਰ ਅੰਡਰਪਾਸ, ਜਕਾਰੀਆ ਅੰਡਰਪਾਸ ਤੇ ਸ਼ਕਤੀ ਨਗਰ ਅੰਡਰਪਾਸਾਂ ਵਿੱਚ ਭਰੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਦਿੱਲੀ ਨਗਰ ਨਿਗਮਾਂ ਤੇ ਦਿੱਲੀ ਸਰਕਾਰ ਵੱਲੋਂ ਨਾਲੀਆਂ ਤੇ ਨਾਲੇ ਸਾਫ਼ ਕਰਨ ਦੇ ਬਾਵਜੂਦ ਦਿੱਲੀ ਵਿੱਚ ਮੀਂਹ ਪੈਂਦੇ ਹੀ ਹਰ ਪਾਸੇ ਜਲ-ਥਲ ਹੋ ਜਾਂਦਾ ਹੈ। ਬੀਤੇ ਦਿਨਾਂ ਦੌਰਾਨ ਦੋ ਇਲਾਕਿਆਂ ਵਿੱਚ ਸੜਕਾਂ ਦੇ ਹਿੱਸੇ ਧੱਸ ਜਾਣ ਦੀਆਂ ਘਟਨਾਵਾਂ ਨੇ ਵੀ ਦਿੱਲੀ ਵਾਸੀ ਪ੍ਰੇਸ਼ਾਨ ਕੀਤੇ। ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਮਗਰੋਂ ਹੁਣ ਮੱਛਰਾਂ ਦੀ ਭਰਮਾਰ ਹੋਣ ਲੱਗੀ ਹੈ ਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਡਰ ਬਣ ਗਿਆ ਹੈ। ਮਲੇਰੀਆ ਤੇ ਡੇਂਗੂ ਦੀ ਬਿਮਾਰੀ ਦਾ ਪ੍ਰਕੋਪ ਫੈਲਣ ਦਾ ਡਰ ਇਨ੍ਹਾਂ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਸਤਾਉਣ ਲੱਗਾ ਹੈ।
ਦਿੱਲੀ ’ਚ ਯਮੁਨਾ ਵਿੱਚ ਪਾਣੀ ਦਾ ਪੱਧਰ ਸੋਮਵਾਰ ਨੂੰ ਥੋੜ੍ਹਾ ਘੱਟ ਗਿਆ ਪਰ ਅਜੇ ਵੀ 204.5 ਮੀਟਰ ਦੇ ਚਿਤਾਵਨੀ ਚਿੰਨ੍ਹ ਤੋਂ ਉੱਪਰ ਹੈ, ਕਿਉਂਕਿ ਨਦੀ ਦੇ ਉਪਰਲੇ ਇਲਾਕਿਆਂ ’ਚ ਵਿਆਪਕ ਬਾਰਿਸ਼ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਸਥਿਤੀ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਕਿਉਂਕਿ ਅਗਲੇ ਤਿੰਨ ਤੋਂ ਚਾਰ ਦਿਨਾਂ ’ਚ ਖੇਤਰ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਦਿੱਲੀ ਵਿੱਚ ਦਰਮਿਆਨੀ ਬਾਰਿਸ਼ ਲਈ ‘ਸੰਤਰੀ’ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਦਿੱਲੀ ’ਚ ਯਮੁਨਾ ’ਚ ਪਾਣੀ ਦਾ ਪੱਧਰ ਘੱਟ ਗਿਆ ਪਰ ਫਿਰ ਵੀ ‘ਚੇਤਾਵਨੀ’ ਦੇ ਨਿਸ਼ਾਨ ਤੋਂ ਉੱਪਰ ਸੀ। ਸੋਮਵਾਰ ਦੁਪਹਿਰ 3 ਵਜੇ ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ 204.87 ਮੀਟਰ ਦਰਜ ਕੀਤਾ ਗਿਆ। ਹੜ੍ਹ ਕੰਟਰੋਲ ਰੂਮ ਅਨੁਸਾਰ ਐਤਵਾਰ ਰਾਤ 8 ਵਜੇ ਇਹ 205.30 ਮੀਟਰ ਸੀ।
ਸ਼ੁੱਕਰਵਾਰ ਨੂੰ, ਦਿੱਲੀ ਪ੍ਰਸ਼ਾਸਨ ਨੇ ਹੜ੍ਹਾਂ ਦੀ ਚਿਤਾਵਨੀ ਦਿੱਤੀ ਸੀ ਤੇ ਕਮਜ਼ੋਰ ਖੇਤਰਾਂ ਤੋਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ, ਕਿਉਂਕਿ ਨਦੀ 205.59 ਮੀਟਰ ਤੱਕ ਵੱਧ ਗਈ ਸੀ, ਜੋ ਉਪਰਲੇ ਜਲ ਖੇਤਰਾਂ ’ਚ ਭਾਰੀ ਮੀਂਹ ਦੇ ਦੌਰਾਨ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਤੋੜ ਰਹੀ ਸੀ। ਹਰਿਆਣਾ ਵੱਲੋਂ ਹਥਨੀਕੁੰਡ ਬੈਰਾਜ ਤੋਂ ਜ਼ਿਆਦਾ ਪਾਣੀ ਨਦੀ ’ਚ ਛੱਡਣ ਦੇ ਨਾਲ ਦਿੱਲੀ ਦੇ ਸਬੰਧਤ ਵਿਭਾਗ ਹਾਈ ਅਲਰਟ ’ਤੇ ਹਨ।
ਅਗਸਤ ਮਹੀਨੇ ਵਿੱਚ ਆਮ ਵਰਖਾ ਹੋਣ ਦੀ ਸੰਭਾਵਨਾ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਜੁਲਾਈ ਵਿੱਚ ਬੇਮਿਸਾਲ ਭਾਰੀ ਮੀਂਹ ਤੇ ਅਨਿਯਮਿਤ ਮੌਸਮ ਦੇ ਨਮੂਨੇ ਦੇਖਣ ਤੋਂ ਬਾਅਦ ਦਿੱਲੀ ਵਿੱਚ ਅਗਸਤ ਵਿੱਚ ਆਮ ਵਰਖਾ ਹੋਣ ਦੀ ਸੰਭਾਵਨਾ ਹੈ। ਜੁਲਾਈ ਤੇ ਅਗਸਤ ਵਿੱਚ ਦਿੱਲੀ ਵਿੱਚ ਸਭ ਤੋਂ ਵੱਧ ਮੀਂਹ ਪੈਂਦਾ ਹੈ। ਆਮ ਤੌਰ ‘ਤੇ ਸ਼ਹਿਰ ਵਿੱਚ ਜੁਲਾਈ ਤੇ ਅਗਸਤ ਵਿੱਚ ਕ੍ਰਮਵਾਰ 210.6 ਮਿਲੀਮੀਟਰ ਤੇ 247.7 ਮਿਲੀਮੀਟਰ ਬਾਰਸ਼ ਹੁੰਦੀ ਹੈ। ਅਗਸਤ ਵਿੱਚ ਦਿੱਲੀ ਵਿੱਚ ਆਮ ਵਰਖਾ ਹੋਣ ਦੀ ਸੰਭਾਵਨਾ ਹੈ। ਆਈਐਮਡੀ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਇਹ ਲੰਮੀ ਮਿਆਦ ਦੀ ਔਸਤ ਦਾ 95 ਤੋਂ 106 ਪ੍ਰਤੀਸ਼ਤ ਹੋਵੇਗਾ। ਆਈਐੱਮਡੀ ਨੇ ਇੱਕ ਬਿਆਨ ਵਿੱਚ ਕਿਹਾ, “ਸਮੁੱਚੇ ਦੇਸ਼ ਵਿੱਚ ਮਹੀਨਾਵਾਰ ਬਾਰਿਸ਼ ਆਮ ਹੋਣ ਦੀ ਸੰਭਾਵਨਾ ਹੈ।