ਮਨਧੀਰ ਦਿਓਲ
ਨਵੀਂ ਦਿੱਲੀ, 4 ਜਨਵਰੀ
ਬੀਤੇ 3 ਦਿਨਾਂ ਤੋਂ ਦਿੱਲੀ ਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਪੈ ਰਹੇ ਮੀਂਹ ਮਗਰੋਂ ਦਿੱਲੀ ਵਿੱਚ ਹਵਾ ਦੀ ਗੁਣਵਤਾ ਵਿੱਚ ਸੁਧਾਰ ਹੋਇਆ ਹੈ ਤੇ ਇਹ ਬਹੁਤ ਗੰਭੀਰ ਤੋਂ ‘ਤਸੱਲੀਬਖ਼ਸ਼’ ਵਿੱਚ ਸ਼ੁਮਾਰ ਹੋ ਗਈ ਤੇ ਅਗਲੇ ਦਿਨਾਂ ਦੌਰਾਨ ਹੋਰ ਸੁਧਾਰ ਦੀ ਭਵਿੱਖਬਾਣੀ ਸਰਕਾਰੀ ਮੌਸਮ ਮਹਿਕਮੇ ਵੱਲੋਂ ਕੀਤੀ ਗਈ ਹੈ। ਸਵੇਰੇ ਦਿੱਲੀ ਦੇ ਅਸਮਾਨ ਵਿੱਚ ਧੁੰਦ ਦੀ ਪਰਤ ਵੀ ਦੇਖੀ ਗਈ। ਮੌਸਮ ਮਹਿਕਮੇ ਮੁਤਾਬਕ ਦਿੱਲੀ ਵਿੱਚ ਐਤਵਾਰ ਨੂੰ ਪਏ ਮੀਂਹ ਤੇ 30 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੀ ਹਵਾ ਕਰਕੇ ‘ਏਕਿਊਆਈ’ ਸੁਧਰਿਆ। ਪੱਛਮੀ ਮੌਸਮੀ ਗੜਬੜ ਮਗਰੋਂ ਉੱਤਰੀ ਭਾਰਤ ਵਿੱਚ ਇਹ ਮੌਸਮੀ ਤਬਦੀਲੀ ਆਈ ਹੈ।
ਬੀਤੇ 24 ਘੰਟਿਆਂ ਦੌਰਾਨ ਦਿੱਲੀ ਅੰਦਰ 39.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਬੀਤੇ 20 ਸਾਲਾਂ ਦੌਰਾਨ ਜਨਵਰੀ ਵਿੱਚ ਐਨਾ ਮੀਂਹ ਪੈਣ ਦਾ ਰਿਕਾਰਡ ਕਾਇਮ ਹੋਇਆ ਹੈ। 2000 ਵਿੱਚ ਜਨਵਰੀ ਮਹੀਨੇ ਵਿੱਚ ਐਨਾ ਮੀਂਹ ਦਰਜ ਕੀਤਾ ਗਿਆ ਸੀ। ਆਮ ਹਾਲਤਾਂ ਵਿੱਚ ਜਨਵਰੀ ਮਹੀਨੇ ਦੌਰਾਨ ਦਿੱਲੀ ਅੰਦਰ 19.3 ਮਿਲੀਮੀਟਰ ਮੀਂਹ ਪੈਂਦਾ ਹੈ। ਨਵਬੰਰ, ਦਸੰਬਰ 2020 ਤੇ ਜਨਵਰੀ 2021 ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਹੈ। ਜਨਵਰੀ 2020 ਨੂੰ 34.4 ਮਿਲੀਮੀਟਰ ਤੇ ਜਨਵਰੀ 2019 ਵਿੱਚ 37.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਮੌਸਮੀ ਤਬਦੀਲੀ ਦਾ ਅੰਦੋਲਨਕਾਰੀ ਕਿਸਾਨਾਂ ਉਪਰ ਖਾਸਾ ਅਸਰ ਪਿਆ ਹੈ।