ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੀਤੀ ਦੇਰ ਰਾਤ ਪਏ ਮੀਂਹ ਤੇ ਚੱਲੀ ਹਨ੍ਹੇਰੀ ਨੇ ਸਿੰਘੂ ਹੱਦ ’ਤੇ ਕੌਮੀ ਸ਼ਾਹ ਰਾਹ-1 ਉੱਪਰ ਨਵੰਬਰ, 2020 ਤੋਂ ਧਰਨਾ ਲਾ ਕੇ ਬੈਠੇ ਕਿਸਾਨਾਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ। ਤੜਕੇ ਪਏ ਭਰਵੇਂ ਮੀਂਹ ਤੇ ਹਨ੍ਹੇਰੀ ਨਾਲ ਕਿਸਾਨਾਂ ਦੇ ਟੈਂਟ ਤੇ ਬਾਂਸਾਂ ਨਾਲ ਬਣਾਈਆਂ ਕੁੱਲੀਆਂ ਉੱਖੜ ਗਈਆਂ। ਇਸ ਦੌਰਾਨ ਆਰਜ਼ੀ ਟੈਂਟਾਂ ਵਿੱਚ ਰੱਖੇ ਹੋਏ ਗੱਦੇ ਤੇ ਹੋਰ ਸਾਮਾਨ ਭਿੱਜ ਗਿਆ। ਟੈਂਟਾਂ ਵਿੱਚ ਪਾਣੀ ਭਰ ਗਿਆ ਤੇ ਕਿਸਾਨਾਂ ਨੂੰ ਰਾਤ ਜਾਗ ਕੇ ਕੱਟਣੀ ਪਈ।
ਮਾਝੇ ਦੇ ਕਿਸਾਨ ਆਗੂ ਕਵਲਜੀਤ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਦਾ ਸਾਮਾਨ ਮੀਂਹ ਦੇ ਪਾਣੀ ਨਾਲ ਭਿੱਜ ਗਿਆ। ਲੰਗਰਾਂ ਲਈ ਲਾਏ ਗਏ ਟੈਂਟਾਂ ਵਿੱਚ ਪਈ ਰਸਦ ਵੀ ਨੁਕਸਾਨੀ ਗਈ ਹੈ। ਕਈ ਕਿਸਾਨ ਸਵੇੇਰੇ ਲੱਗੀ ਤਿੱਖੀ ਧੁੱਪ ਵਿੱਚ ਗੱਦੇ ਸੁਕਾਉਂਦੇ ਦਿਖਾਈ ਦਿੱਤੇ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਤੇ ਮਨਜੀਤ ਸਿੰਘ ਧਨੇਰ ਅੱਜ ਸਵੇਰੇ ਉਨ੍ਹਾਂ ਕਿਸਾਨਾਂ ਨੂੰ ਮਿਲੇ, ਜਿਨ੍ਹਾਂ ਦੇ ਟੈਂਟ ਨੁਕਸਾਨੇ ਗਏ ਸਨ। ਉਨ੍ਹਾਂ ਦੇ ਕਿਸਾਨਾਂ ਦਾ ਹੌਸਲਾ ਵਧਾਇਆ। ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕਿਸਾਨਾਂ ਦੇ ਹੌਸਲੇ ਕੁਦਰਤ ਦੇ ਹਰ ਕਹਿਰ ਅੱਗੇ ਬੁਲੰਦ ਹਨ। ਕਿਸਾਨਾਂ ਨੇ ਆਗੂਆਂ ਨੂੰ ਕਿਹਾ ਕਿ ਕੜਾਕੇ ਦੀ ਠੰਢ ਵੀ ਇਸੇ ਕਰਮਭੂਮੀ ’ਤੇ ਝੱਲੀ ਤੇ ਮੀਂਹ ਝੱਖੜਾਂ ਤੋਂ ਵੀ ਉਹ ਡਰਨ ਵਾਲੇ ਨਹੀਂ ਹਨ।
ਕਿਸਾਨਾਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ: ਟਿਕੈਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਮੀਡੀਆ ਦੇ ਇੱਕ ਹਿੱਸੇ ਵੱਲੋਂ ਕਿਸਾਨਾਂ ਨੂੰ ਕਰੋਨਾ ਫੈਲਾਉਣ ਦੇ ਜ਼ਿੰਮੇਵਾਰ ਦੱਸੇ ਜਾਣ ਤੋਂ ਖ਼ਫ਼ਾ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੀਡੀਆ, ਸੋਸ਼ਲ ਮੀਡੀਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਦੀ ਗਹਿਮਾ-ਗਹਿਮੀ ਮਗਰੋਂ ਸਿਆਸੀ ਆਗੂਆਂ ਵੱਲੋਂ ਪੇਂਡੂ ਲੋਕਾਂ ਵੱਲ ਪਿੱਠ ਮੋੜ ਲੈਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਹਾਲ ਪੁੱਛੇ। ਸ੍ਰੀ ਟਿਕੈਤ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਦੌਰਾਨ ਸਾਰੇ ਆਗੂ ਵੋਟਾਂ ਲੈਣ ਲਈ ਕਿਸਾਨਾਂ ਦੇ ਘਰਾਂ ਵਿੱਚ ਗੇੜੇ ਮਾਰ ਰਹੇ ਸਨ ਤੇ ਹੁਣ ਜਦੋਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਤਾਂ ਇਹ ਆਗੂ ਇਕਾਂਤਵਾਸ ਵਿੱਚ ਚੱਲੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਿਮਾਰ ਹੋਣ ਵਾਲੇ ਕਿਸਾਨਾਂ ਦਾ ਹਾਲ ਪੁੱਛਣ ਹੁਣ ਕੋਈ ਨਹੀਂ ਆ ਰਿਹਾ। ਕਿਸਾਨ ਆਪਣੇ ਇਲਾਜ ਲਈ ਪ੍ਰੇਸ਼ਾਨ ਹੋ ਰਹੇ ਹਨ ਪਰ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ ਹੈ। ਪੇਂਡੂ ਇਲਾਕਿਆਂ ਵਿੱਚ ਇਲਾਜ ਲਈ ਸਰਕਾਰ ਕੁਝ ਨਹੀਂ ਕਰ ਰਹੀ, ਜਿੱਥੇ ਕਰੋਨਾ ਫੈਲਣ ਦਾ ਡਰ ਹੈ।