ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਰਾਘਵ ਚੱਢਾ ਨੇ ਦਿੱਲੀ ਜਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਆਨਲਾਈਨ ਬੈਠਕ ’ਚ ਦਿੱਲੀ ਵਿੱਚ ਵੱਧ ਰਹੇ ਤਾਪਮਾਨ, ਮਹਾਮਾਰੀ ਅਤੇ ਹਰਿਆਣੇ ਤੋਂ ਮਿਲ ਰਹੇ ਘੱਟ ਪਾਣੀ ਦੇ ਮੱਦੇਨਜ਼ਰ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਪਾਣੀ ਦੇ ਉਤਪਾਦਨ ਤੇ ਸਪਲਾਈ ਦੀ ਸਮੀਖਿਆ ਕੀਤੀ ਹੈ। ਸ਼ਹਿਰ ਵਿੱਚ ਪਾਣੀ ਦੀ ਬਰਾਬਰ ਸਪਲਾਈ ਦੇ ਨਾਲ ਹਸਪਤਾਲਾਂ ਨੂੰ ਨਿਰਵਿਘਨ ਸਪਲਾਈ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ।
ਬੋਰਡ ਨੇ ਪਲਾਂ ਵਿਚ ਤਕਰੀਬਨ 115 ਟਿਊਬਵੈੱਲ ਅਤੇ 5 ਖੂਹ ਬਣਾਏ ਹਨ ਤਾਂ ਜੋ ਪਾਣੀ ਨੂੰ ਵਧਾਇਆ ਜਾ ਸਕੇ। ਇੱਥੇ ਪਾਣੀ ਦਾ ਉਤਪਾਦਨ ਲਗਭਗ 30 ਐੱਮਜੀਡੀ ਹੈ ਤੇ ਅੱਗੇ ਵਧਾਇਆ ਜਾ ਸਕਦਾ ਹੈ। ਰੋਜ਼ਾਨਾ 2 ਤੋਂ 10 ਘੰਟੇ ਬਿਜਲੀ ਦੀ ਸਮੱਸਿਆ ਹੈ, ਜਿਸ ਕਾਰਨ ਮਈ ਵਿੱਚ ਕੁਝ ਐੱਮਜੀਡੀ ਪਾਣੀ ਉਤਪਾਦਨ ਨੁਕਸਾਨਿਆ ਗਿਆ। ਉਨ੍ਹਾਂ ‘ਟੀਪੀਡੀਡੀਐੱਲ’ ਦੇ ਸੀਈਓ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਬਿਜਲੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਕੱਚੇ ਪਾਣੀ ਦੀ ਸਪਲਾਈ ਦੀ ਘਾਟ ਕਾਰਨ ਡੀਜੇਬੀ ਦਾ ਪਾਣੀ ਉਤਪਾਦਨ 60-65 ਐੱਮਜੀਡੀ ਘੱਟ ਗਿਆ ਹੈ। ਇਸ ਕਾਰਨ ਦਿੱਲੀ ਦੇ ਕਈ ਹਿੱਸਿਆਂ ਖ਼ਾਸਕਰ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕੋਵਿਡ-19 ਮਹਾਮਾਰੀ ਦੀ ਗੰਭੀਰਤਾ ਤੇ ਗਰਮੀਆਂ ਦੇ ਮਹੀਨਿਆਂ ਕਾਰਨ ਪਾਣੀ ਦੀ ਵਧੇਰੇ ਮੰਗ ਬਾਰੇ ਦੱਸਿਆ। ਉਨ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਟੈਂਕਰ ਦੀ ਸਪਲਾਈ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਇਹ ਨਿਸ਼ਚਿਤ ਕੀਤਾ ਜਾਵੇ ਕਿ ਜਨਤਾ ਨੂੰ ਪ੍ਰੇਸ਼ਾਨੀ ਨਾ ਹੋਵੇ।