ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਸਰਕਾਰੀ ਤੌਰ ’ਤੇ ਭਾਵੇਂ ਪੰਜਾਬੀ ਭਾਸ਼ਾ ਨੂੰ ਦਿੱਲੀ ਵਿੱਚ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੋਵੇ ਪਰ ਅਸਲੀਅਤ ਵਿੱਚ ਪੰਜਾਬੀ ਭਾਸ਼ਾ ਦੇ ਹਾਲਾਤ ਕੁੱਝ ਹੋਰ ਹੀ ਹਨ। ਇਸ ਗੱਲ ਦੀ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਦਿੱਲੀ ਦੇ ਦੋ ਨੌਜਵਾਨ ਸਰਬਜੀਤ ਸਿੰਘ ਬਰਾੜ ਅਤੇ ਹਰਗੁਣ ਸਿੰਘ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ-ਅੰਮ੍ਰਿ੍ਤਸਰ ਸ਼ਤਾਬਦੀ ਵਿੱਚ ਯਾਤਰਾ ਕਰ ਰਹੇ ਸਨ। ਇਨ੍ਹਾਂ ਨੌਜਵਾਨਾਂ ਨੇ ਨਵੀਂ ਦਿੱਲੀ ਤੋਂ ਜਦੋਂ ਯਾਤਰਾ ਸ਼ੁਰੂ ਕੀਤੀ ਤਾਂ ਗੱਡੀ ’ਚ ਸਿਰਫ ਅੰਗਰੇਜ਼ੀ ਅਤੇ ਹਿੰਦੀ ਦੀ ਅਖ਼ਬਾਰਾਂ ਵੰਡਦੇ ਹੋਏ ਦੇਖਿਆ। ਨੌਜਵਾਨ ਸਰਬਜੀਤ ਬਰਾੜ ਨੇ ਉਨ੍ਹਾਂ ਤੋਂ ‘ਪੰਜਾਬੀ ਅਖ਼ਬਾਰ’ ਦੀ ਮੰਗ ਕੀਤੀ ਪਰ ਅਖ਼ਬਾਰਾਂ ਦੇਣ ਵਾਲੇ ਵੈਂਡਰ ਨੇ ਪੰਜਾਬੀ ਦੀ ਕੋਈ ਵੀ ਅਖ਼ਬਾਰ ਨਾ ਹੋਣ ਬਾਰੇ ਕਿਹਾ। ਸ਼ਤਾਬਦੀ ਐਕਸਪ੍ਰੈੱਸ ਵਿੱਚ ਸਵਾਰ ਟਿਕਟ ਚੈਕਰ ਨਾਲ ਜਦੋਂ ਇਸ ਮਸਲੇ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਨਲਾਈਨ ਸ਼ਿਕਾਇਤ ਕਰਨ ਲਈ ਕਿਹਾ। ਇਨ੍ਹਾਂ ਨੌਜਵਾਨਾਂ ਵੱਲੋਂ ਮੌਕੇ ’ਤੇ ਹੀ ਰੇਲ ਵਿਭਾਗ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਗਈ ਤੇ ਉਸ ਵਿੱਚ ਸਾਫ਼ ਤੌਰ ’ਤੇ ਲਿਖਿਆ ਗਿਆ ਕਿ ਰੇਲ ਮੰਤਰੀ ਇਸ ਗੱਲ ਵੱਲ ਧਿਆਨ ਦੇਣ ਕਿ ਪੰਜਾਬ ਵੱਲ ਜਾਂਦੀਆਂ ਸ਼ਤਾਬਦੀ ਗੱਡੀਆਂ ਵਿੱਚ ਪੰਜਾਬੀ ਅਖ਼ਬਾਰਾਂ ਯਾਤਰੀਆਂ ਨੂੰ ਮੁਹੱਈਆ ਕਰਾਈਆਂ ਜਾਣ। ਨੌਜਵਾਨ ਸਰਬਜੀਤ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਨਾਲ ਮਤਰੇਏ ਸਲੂਕ ਲਈ ਜਿੱਥੇ ਸਰਕਾਰਾਂ ਜ਼ਿੰਮੇਵਾਰ ਹਨ, ਉਥੇ ਹੀ ਪੰਜਾਬੀ ਲੋਕ ਵੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। ਇਨ੍ਹਾਂ ਨੌਜਵਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਗੱਲ ਵੱਲ ਧਿਆਨ ਦੇਣ।