ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਸਤੰਬਰ
ਦਿੱਲੀ ਨੂੰ ਚਾਰੋਂ ਪਾਸੇ ਘੇਰਦੀ ਰਿੰਗ ਰੋਡ ਉਪਰ ਮਜਨੂੰ ਕਾ ਟਿੱਲਾ ਖੇਤਰ ਕੋਲ ਅੱਜ ਭਾਰੀ ਟ੍ਰੈਫਿਕ ਜਾਮ ਸਵੇਰੇ ਲੱਗ ਗਿਆ। ਇਸ ਕਾਰਨ ਲੋਕ ਆਪਣੀਆਂ ਮੰਜ਼ਿਲਾਂ ਉਪਰ ਦੇਰੀ ਨਾਲ ਪਹੁੰਚੇ। ਇਸੇ ਦੌਰਾਨ ਵਜ਼ੀਰਾਬਾਦ ਡਿੱਪੂ ਦੀ ਬੱਸ ਸਮਰਾਟ ਹੋਟਲ ਕੋਲ ਖਰਾਬ ਹੋਣ ਕਰਕੇ ਸੜਕ ਉਪਰ ਹੀ ਬੰਦ ਹੋ ਗਈ। ਰੁਕਾਵਟ ਹੋਣ ਕਰਕੇ ਇਸ ਮਾਰਗ ਉਪਰ ਵੀ ਜਾਮ ਲੱਗ ਗਿਆ। ਇਸ ਕਾਰਨ ਵਾਹਨਾਂ ਦੀਆਂ ਕਤਾਰਾਂ ਲਗ ਗਈਆਂ। ਲੋਕ ਕਾਫ਼ੀ ਦੇਰ ਮਗਰੋਂ ਆਪਣੇ ਟਿਕਾਣਿਆਂ ’ਤੇ ਪਹੁੰਚੇ। ਰੋਹਿਣੀ ਇਲਾਕੇ ਦੇ ਕੋਲ ਬਰਵਾਲਾ ਤੋਂ ਪੂਠ ਖੁਰਦ ਮਾਰਗ ਉਪਰ ਵੀ ਜਾਮ ਲੱਗ ਗਿਆ ਜਿਸ ਕਰਕੇ ਲੋਕਾਂ ਨੂੰ ਘੰਟਾ ਭਰ ਜਾਮ ਵਿੱਚ ਫਸੇ ਰਹਿਣਾ ਪਿਆ। ਇਸ ਕਾਰਨ ਸੜਕ ’ਤੇ ਹਾਰਨਾਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ।
ਜ਼ਿਕਰਯੋਗ ਹੈ ਕਿ ਮਜਨੂੰ ਕਾ ਟਿੱਲਾ ਕੋਲ ਆਏ ਦਿਨ ਜਾਮ ਲੱਗਦਾ ਰਹਿੰਦਾ ਹੈ ਕਿਉਂਕਿ ਉੱਤਰੀ ਦਿੱਲੀ ਤੇ ਪੂਰਬੀ ਦਿੱਲੀ ਨੂੰ ਜੋੜਦਾ ਸਿਗਨੇਚਰ ਪੁਲ ਤੇ ਵਜ਼ੀਰਾਬਾਦ ਪੁਲ ਉਪਰੋਂ ਆਵਾਜਾਈ ਦਾ ਵਹਾਅ ਤੇਜ਼ ਰਹਿੰਦਾ ਹੈ। ਇਸ ਇਲਾਕੇ ਵਿੱਚ ਮੈਟਰੋ ਦੇ ਚੌਥੇ ਪੜਾਅ ਦੀ ਉਸਾਰੀ ਵੀ ਚੱਲ ਰਹੀ ਹੈ ਜਿਸ ਕਰਕੇ ਗੱਡੀਆਂ ਦੇ ਆਉਣ-ਜਾਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਇਸ ਜਾਮ ਦਾ ਅਸਰ ਉੱਤਰੀ ਦਿੱਲੀ ਦੇ ਅੰਦਰੂਨੀ ਹਿੱਸਿਆਂ ਵਿੱਚ ਵੀ ਪਿਆ ਤੇ ਆਈਟੀਓ ਵਿੱਚ, ਅਕਸ਼ਰਧਾਮ ਤੱਕ ਗੱਡੀਆਂ ਦੀ ਰਫ਼ਤਾਰ ਸੁਸਤ ਹੋ ਗਈ। ਇਸ ਦੌਰਾਨ ਵਾਹਨ ਜੂੰ ਮਾਫਕ ਚਲਦੇ ਦਿਖਾਈ ਦਿੱਤੇ। ਕਈ ਲੋਕਾਂ ਨੇ ਸੋਸ਼ਲ ਮੀਡੀਆ ਉਪਰ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੌਤ ਨੂੰ ਸੁਨੇਹੇ ਭੇਜ ਕੇ ਟ੍ਰੈਫਿਕ ਦੇ ਹਾਲਤ ਬਿਆਨ ਕੀਤੇ। ਬੀਤੇ ਦਿਨੀਂ ਲਗਾਤਾਰ ਪਏ ਮੀਂਹ ਕਰਕੇ ਵੀ ਸੜਕਾਂ ਉਪਰ ਟੋਏ ਪੈ ਗਏ ਹਨ ਤੇ ਸੜਕਾਂ ਦੀ ਬਜਰੀ ਵੀ ਕਈ ਥਾਵਾਂ ਉਪਰ ਉੱਖੜ ਗਈ ਹੈ। ਇਸ ਕਾਰਨ ਵੀ ਕਈ ਥਾਈਂ ਰਾਹਗੀਰ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ।