ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜਨਵਰੀ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਪੰਜਾਬੀ ਤੇ ਉਰਦੂ ਦੇ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਵਿੱਚ ਵੀ ਗ਼ਲਤੀ ਕੀਤੀ ਜਾ ਰਹੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਸੇਵਾਵਾਂ ਅਧੀਨ ਚੋਣ ਬੋਰਡ ਵੱਲੋਂ ਉਕਤ ਅਧਿਆਪਕਾਂ ਨੂੰ ਪੰਜ ਹਿੱਸੇ ਜੋ ਆਮ ਗਿਆਨ, ਕਾਰਨ ਦੱਸੋ, ਗਣਿਤ, ਹਿੰਦੀ ਤੇ ਅੰਗਰੇਜ਼ੀ ਦੇ ਵੀਹ-ਵੀਹ ਅੰਕਾਂ ਦੇ ਪ੍ਰਸ਼ਨ ਹਨ। ਉਨ੍ਹਾਂ ਕਿਹਾ ਕਿ ਚੁਣੇ ਜਾਣ ਵਾਲੇ ਪੰਜਾਬੀ ਅਧਿਆਪਕਾਂ ਨੂੰ ਅੰਗਰੇਜ਼ੀ, ਗਣਿਤ ਤੇ ਹਿੰਦੀ ਦੇ ਮਾਹਿਰ ਹੋਣਾ ਕਿਉਂਕ ਲਾਜ਼ਮੀ ਕੀਤਾ ਜਾ ਰਿਹਾ ਹੈ, ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਦੇ ਅਧਿਆਪਕਾਂ ਲਈ ਸਿਲੇਬਸ ਨੂੰ ਲੈ ਕੇ ਵੀ ਕਈ ਸਵਾਲ ਉਠਾਏ ਜਾ ਰਹੇ ਸਨ ਤੇ ਅਧਿਆਪਕਾਂ ਲਈ ਕੋਈ ਠੋਸ ਵਿਸ਼ੇ ਵਜੋਂ ਤਜਵੀਜ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਨੀਅਤ ਸ਼ੱਕੀ ਹੈ।
ਇਸੇ ਦੌਰਾਨ ਦਿੱਲੀ ਕਮੇਟੀ ਮੈਂਬਰ ਤੇ ਜਾਗੋ ਮੁਖੀ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਦਿੱਲੀ ਸਰਕਾਰ ਭਾਸ਼ਾ ਅਧਿਆਪਕਾਂ ਦੀ ਭਰਤੀ ਦੇ ਨਾਂ ਉੱਤੇ ਧੋਖਾ ਕਰ ਰਹੀ ਹੈ। 2017 ਵਿੱਚ ਟੀਜੀਟੀ ਪੰਜਾਬੀ ਦੀਆਂ 214 ਪੋਸਟਾਂ ਲਈ ਹੋਈ ਪ੍ਰੀਖਿਆ ਵਿੱਚ ਸਿਰਫ਼ 53 ਉਮੀਦਵਾਰ ਸਫ਼ਲ ਐਲਾਨੇ ਗਏ ਸਨ। ਇਸੇ ਤਰ੍ਹਾਂ ਹੁਣ 2021 ਵਿੱਚ ਟੀਜੀਟੀ ਪੰਜਾਬੀ ਤੇ ਉਰਦੂ ਭਾਸ਼ਾ ਅਧਿਆਪਕਾਂ ਦੀ ਹੋਈ ਪ੍ਰੀਖਿਆ ਦੇ ਸਫ਼ਲ ਐਲਾਨੇ ਗਏ ਉਮੀਦਵਾਰਾਂ ਦੀ ਔਸਤ 10-15 ਫ਼ੀਸਦੀ ਦੇ ਕਰੀਬ ਹੀ ਦੱਸੀ ਜਾ ਰਹੀ ਹੈ। 2021 ਵਿੱਚ ਹੋਈ ਪ੍ਰੀਖਿਆ ਦੌਰਾਨ ਪੰਜਾਬੀ ਔਰਤ ਅਧਿਆਪਕਾਂ ਦੀ 492 ਅਸਾਮੀਆਂ ਵਿਚੋਂ ਸਿਰਫ਼ 72 ਪੋਸਟਾਂ ਭਰੀਆਂ ਗਈਆਂ ਹਨ। ਇਸੇ ਤਰ੍ਹਾਂ 382 ਮਰਦ ਪੰਜਾਬੀ ਅਧਿਆਪਕਾਂ ਦੀ ਪੋਸਟਾਂ ਲਈ ਸਿਰਫ਼ 66 ਉਮੀਦਵਾਰ ਪਾਸ ਹੋਏ ਹਨ।