ਕੁਲਦੀਪ ਸਿੰਘ
ਨਵੀਂ ਦਿੱਲੀ, 16 ਮਾਰਚ
ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਨੌਜਵਾਨਾਂ ਦੇ ਮਹੀਨਾਵਾਰ ਪ੍ਰੋਗਰਾਮ ‘ਯੁਵਾ ਸਾਹਿਤੀ’ ਦੇ ਤਹਿਤ ਇਸ ਵਾਰ ‘ਪੰਜਾਬੀ ਸੂਫ਼ੀ ਕਾਵਿ: ਇਤਿਹਾਸ ਅਤੇ ਵਿਚਾਰਧਾਰਾ’ ਦੇ ਉੱਪਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਪੰਜਾਬ ਤੋਂ ਖੋਜਾਰਥੀ ਮਨਦੀਪ ਸਿੰਘ ਨੇ ਲੈਕਚਰ ਦਿੱਤਾ। ਇਸ ਦੀ ਪ੍ਰਧਾਨਗੀ ਇਸੇ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਕੀਤੀ ਤੇ ਖੋਜਾਰਥੀ ਦਵਿੰਦਰ ਸਿੰਘ ਕਨਵੀਨਰ ਸਨ। ਆਰੰਭ ’ਚ ਸਦਨ ਦੇ ਪ੍ਰੋਫੈਸਰ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀ-ਆਇਆਂ ਕਹਿੰਦਿਆਂ ਅੱਜ ਦੇ ਹਾਲਾਤ ਦੇ ਪ੍ਰਸੰਗ ’ਚ ਸੂਫੀਆਂ ਦੇ ਅਧਿਆਤਮਕ ਅਤੇ ਹੱਦਾਂ ਤੋਂ ਪਾਰਗਾਮੀ ਹੋਣ ਦੇ ਸੰਦੇਸ਼ ਦਾ ਜ਼ਿਕਰ ਕਰਦਿਆਂ ਅਗਲੀ ਪੀੜ੍ਹੀ ਨੂੰ ਇਸ ਸੰਦੇਸ਼ ਨੂੰ ਸਮਝਣ ਅਤੇ ਇਸ ਨਾਲ ਜੁੜਨ ਦਾ ਪੈਗਾਮ ਦਿੱਤਾ। ਉਪਰੰਤ ਦਵਿੰਦਰ ਸਿੰਘ ਨੇ ਯੁਵਾ ਸਾਹਿਤੀ ਦੇ ਉਦੇਸ਼ ਦਾ ਜਿਕਰ ਕਰਦਿਆਂ ਪ੍ਰਮੁੱਖ ਵਕਤਿਆਂ ਨਾਲ ਸੰਖੇਪ ਜਾਣ-ਪਛਾਣ ਕਰਾਈ। ਮਨਦੀਪ ਸਿੰਘ ਨੇ ਇਸਲਾਮਿਕ ਚਿੰਤਨ ਨੂੰ ਆਧਾਰ ਬਣਾ ਕੇ ਪੈਦਾ ਹੋਈ ਸੂਫ਼ੀ ਪਰੰਪਰਾ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਇਸਲਾਮ ਦੇ ਉਨ੍ਹਾਂ ਮੁੱਖ ਗ੍ਰੰਥਾਂ ਦਾ ਵੀ ਜ਼ਿਕਰ ਕੀਤਾ ਜੋ ਸੂਫ਼ੀਅਤ ਦੇ ਵੀ ਆਧਾਰ ਹਨ। ਉਨ੍ਹਾਂ ਅਨੁਸਾਰ ਸੱਤਵੀਂ ਸਦੀ ’ਚ ਸੂਫੀ ਮਤ ਦਾ ਆਗਾਜ਼ ਹੋਇਆ ਜੋ ਪੰਜਾਬ ਤੋਂ ਹੁੰਦਾ ਹੋਇਆ ਪੂਰੇ ਭਾਰਤ ’ਚ ਪਸਰ ਗਿਆ। ਉਨ੍ਹਾਂ ਸੂਫ਼ੀ ਮਤ ਦੇ ਪ੍ਰਮੁੱਖ ਸਿਧਾਂਤਾਂ ਦਾ ਜ਼ਿਕਰ ਕਰਦਿਆਂ ਪੰਜਾਬੀ ਸੂਫ਼ੀ ਕਾਵਿ ’ਚ ਬਾਬਾ ਫਰੀਦ, ਬੁੱਲੇਸ਼ਾਹ, ਸ਼ਾਹ ਹੁਸੈਨ ਅਤੇ ਸ਼ੇਖ ਅਹਿਮਦ ਸਰਹੰਦੀ ਨੂੰ ਚਰਚਾ ਦਾ ਵਿਸ਼ਾ ਬਣਾਇਆ। ਉਨ੍ਹਾਂ ਅਨੁਸਾਰ ਸ਼ੇਖ ਅਹਿਮਦ ਸਰਹੰਦੀ ਅਜਿਹੇ ਸੂਫ਼ੀ ਸਨ ਜਿਨ੍ਹਾਂ ਉਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਸੂਫੀਆਂ ਦੇ ਉਦਾਰਵਾਦ ਨੂੰ ਮੁੜ ਉਸ ਇਸਲਾਮੀ ਮੂਲਵਾਦ ਵੱਲ ਮੋੜਿਆ ਜੋ ਸੂਫੀਆਂ ਦਾ ਆਧਾਰ ਸੀ। ਉਨ੍ਹਾਂ ਸੂਫੀਆਂ ਦੇ ਪ੍ਰਮੁੱਖ ਸੰਕਲਪਾਂ-ਤੌਹੀਦ, ਫਨਾਹ, ਨਵੱਬਤ, ਹਮਾਉਸ, ਵਹਿਦਤ-ਉਲ-ਵਜੂਦ ਆਦਿ ਬਾਰੇ ਚਰਚਾ ਕਰਦਿਆਂ ਸੂਫ਼ੀ ਪਰੰਪਰਾ ਬਾਰੇ ਦੱਸਿਆ। ਪ੍ਰਧਾਨਗੀ ਭਾਸ਼ਣ ’ਚ ਡਾ. ਅਮਰਜੀਤ ਸਿੰਘ ਨੇ ਮਨਦੀਪ ਸਿੰਘ ਵੱਲੋਂ ਸੂਫ਼ੀਅਤ ਉੱਤੇ ਦਿੱਤੇ ਲੈਕਚਰ ਦੀ ਪ੍ਰਸੰਸਾ ਕਰਦਿਆਂ ਇਸ ਸੰਬੰਧੀ ਪੱਛਮੀ, ਭਾਰਤੀ ਅਤੇ ਸਾਮੀ ਲੇਖਕਾਂ ਰਾਹੀਂ ਲਿਖੀਆਂ ਕੁਝ ਅਹਿਮ ਪੁਸਤਕਾਂ ਦਾ ਜ਼ਿਕਰ ਕੀਤਾ। ਉਨ੍ਹਾਂ ਅਨੁਸਾਰ 1947, 1984 ਅਤੇ ਅਜੋਕੇ ਪ੍ਰਸੰਗ ’ਚ ਵੀ ਬਣੇ ਹਾਲਾਤ ਨੇ ਇਸਲਾਮਿਕ ਚਿੰਤਨ ਤੋਂ ਸਾਡੀ ਦੂਰੀ ਨੂੰ ਵਧਾਇਆ ਹੈ। ਅੱਜ ਲੋੜ ਹੈ ਅਜਿਹੀ ਵਿਚਾਰ ਚਰਚਾ ਅਤੇ ਸਬੰਧਤ ਪੁਸਤਕਾਂ ਦੇ ਅਧਿਐਨ ਦੀ ਜਿਸ ਰਾਹੀਂ ਅਸੀਂ ਮੁੜ ਭਾਰਤ ਤੇ ਖਾਸਕਰ ਪੰਜਾਬ ’ਚ ਮਕਬੂਲ ਹੋਏ ਸੂਫ਼ੀ ਮਤ ਨਾਲ ਮੁੜ ਸਾਂਝ ਪਾ ਕੇ ਹੱਦਾਂ ਤੋਂ ਪਾਰਗਾਮੀ ਹੋਣ ਅਤੇ ਅੰਤਰ-ਸਮਝ ਰਾਹੀਂ ਸਭਿਆਚਾਰਕ ਨਜ਼ਦੀਕੀਆਂ ਨੂੰ ਸਿਰਜ ਸਕਦੇ ਹਾਂ। ਅਖੀਰ ’ਚ ਡਾ. ਰਵੇਲ ਸਿੰਘ ਨੇ ਚਰਚਾ ਨੂੰ ਮਹੱਤਵਪੂਰਨ ਦਸਦਿਆਂ ਉਸ ਇਤਿਹਾਸਿਕ ਸੱਚ ਨੂੰ ਵੀ ਸਾਹਮਣੇ ਲਿਆਂਦਾ ਜਿਸ ਵਿਚ ਸੂਫ਼ੀ ਪਰੰਪਰਾ ਅਤੇ ਸਿੱਖ ਪਰੰਪਰਾ ਨੇ ਭਾਰਤੀ ਗਿਆਨ ਪਰੰਪਰਾ ਅਤੇ ਇਸਲਾਮਿਕ ਪਰੰਪਰਾ ਵਿਚ ਇੱਕ ਕੜੀ ਦਾ ਕੰਮ ਕਰਦਿਆਂ ਜਨ-ਸਬੰਧਾਂ ਨੂੰ ਸਾਜਗਾਰ ਬਣਾਇਆ ਸੀ। ਨਾਲ ਹੀ ਉਨ੍ਹਾਂ ਇਸ ਆਨਲਾਈਨ ਚਰਚਾ ’ਚ ਹਾਜ਼ਰ ਸਾਰੇ ਵਕਤਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।