ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਫਰਵਰੀ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਵੋਟਰਾਂ ਨੂੰ ਇੱਕ ਵਾਰ ਫੇਰ ਬਦਲਾਅ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੁਰੱਖਿਅਤ, ਬੇਰੁਜ਼ਗਾਰੀ ਅਤੇ ਨਸ਼ੇ ਤੋਂ ਮੁਕਤ ਤੇ ਖੁਸ਼ਹਾਲ ਬਣਾਉਣ ਲਈ ਇੱਕ ਵਾਰ ਫਿਰ ਭਾਜਪਾ ਗੱਠਜੋੜ ਦੀ ਸਰਕਾਰ ਲਿਆਉਣੀ ਪਵੇਗੀ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਸਾਧਦਿਆਂ ‘ਆਪ’ ਨੂੰ ਲੁਟੇਰਿਆਂ ਦਾ ਗਰੋਹ ਦੱਸਿਆ। ਉਨ੍ਹਾਂ ਨੇ ਪੰਜਾਬ ਵਿੱਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਿਰਸਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਨ ਵਾਲੇ ਕੇਜਰੀਵਾਲ ਨੇ ਦਿੱਲੀ ਵਿੱਚ 850 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਹਨ ਅਤੇ ਦਿੱਲੀ ਵਿੱਚ ਸ਼ਰਾਬ ਅਤੇ ਨਸ਼ੇ ਦਾ ਕਾਰੋਬਾਰ ਘਰ-ਘਰ ਪਹੁੰਚਾਇਆ ਹੈ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਇਸ ਦੇ ਮੁਖੀ ਕੇਜਰੀਵਾਲ ’ਤੇ ਪੰਜਾਬ ’ਚ ਹਿੰਦੂ-ਸਿੱਖ ਭਾਈਚਾਰਾ ਤੋੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲ ਰਹੇ ਲੋਕਾਂ ਦਾ ਟੋਲਾ ਹੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਵਿੱਚ ਆਪਣੇ ਤੀਜੇ ਕਾਰਜਕਾਲ ਦੇ ਦੋ ਸਾਲ ਪੂਰੇ ਕਰਨ ਵਾਲੇ ਕੇਜਰੀਵਾਲ ਪੂਰੇ ਬਜਟ ਦਾ ਸਿਰਫ਼ 21 ਫੀਸਦੀ ਹੀ ਖਰਚ ਕਰ ਸਕੇ ਹਨ। 65000 ਕਰੋੜ ਰੁਪਏ ਦਾ ਸਾਲਾਨਾ ਬਜਟ ਅਤੇ ਇਸ ਦਾ ਸਿਰਫ 21 ਫੀਸਦੀ ਖਰਚ ਕਰਨਾ ਇਹ ਦਰਸਾਉਂਦਾ ਹੈ ਕਿ ਕੇਜਰੀਵਾਲ ਸਰਕਾਰ ਸ਼ੁਰੂ ਤੋਂ ਹੀ ਦਿੱਲੀ ਦੇ ਅੰਦਰ ਕੰਮ ਨਾ ਕਰਨ ’ਤੇੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਦੇਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਆਂਗਣਵਾੜੀ ਔਰਤਾਂ ਕਰੀਬ ਇੱਕ ਹਫ਼ਤੇ ਤੋਂ ਬੈਠੀਆਂ ਹਨ, ਪਰ ਕੇਜਰੀਵਾਲ ਉਨ੍ਹਾਂ ਦੀ ਸੰਭਾਲ ਕਰਨ ਦੀ ਬਜਾਏ ਚੋਣ ਯਾਤਰਾ ਵਿੱਚ ਰੁੱਝੇ ਹੋਏ ਹਨ।