ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਮਈ
ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਸਿਆਸੀ ਵਿਰੋਧੀਆਂ ਨੂੰ ਟਰੋਲ ਕਰਨ ਵਾਸਤੇ 88 ਮੈਂਬਰੀ ਸੋਸ਼ਲ ਮੀਡੀਆ ਟੀਮ ਸਰਕਾਰੀ ਖਰਚੇ ’ਤੇ ਨਿਯੁਕਤ ਕਰ ਕੇ ਪੰਜਾਬ ਦੇ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ ਹੈ। ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਨੇ 9 ਮਈ ਨੂੰ ਖੁਲਾਸਾ ਕੀਤਾ ਸੀ ਕਿ ਪੰਜਾਬ ਦੀ ਆਪ ਸਰਕਾਰ ਸੋਸ਼ਲ ਮੀਡੀਆ ਟੀਮ ਨਿਯੁਕਤ ਕਰਨ ਦੇ ਚੱਕਰ ਵਿਚ ਹੈ ਤੇ ਇਹਨਾਂ ਦੀ ਸਰਕਾਰੀ ਤੌਰ ’ਤੇ ਨਿਯੁਕਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾ ਨੇ ਸਰਕਾਰੀ ਅਫਸਰਾਂ ਨੁੰ ਸਿਆਸੀ ਮੰਤਵਾਂ ਵਾਸਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਵਿਰੁੱਧ ਚੇਤਾਵਨੀ ਵੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਇਸ ਗੈਰਕਾਨੂੰਨੀ ਕੰਮ ਵਿਚ ਲੱਗੇ ਅਫਸਰਾਂ ਦੀ ਨਿਸ਼ਾਨਦੇਹੀ ਹੋਵੇ ਤੇ ਉਹਨਾਂ ਖ਼ਿਲਾਫ਼ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਲਈ ਬਣਦੀ ਕਾਨੂੰਨੀ ਕਾਰਵਾਈ ਹੋਵੇ।