ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐਸ) ਨੇ ਅੱਜ ਸਕੂਲ ਆਫ ਓਪਨ ਲਰਨਿੰਗ (ਐਸਓਐਲ) ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਆਪਣੇ ਐਲਾਨੇ ਪ੍ਰੀਖਿਆ ਨਤੀਜਿਆਂ ਵਿੱਚ ਬੇਨਿਯਮੀਆਂ ਦੇ ਖ਼ਿਲਾਫ਼ ਇੱਕ ਰੈਲੀ ਕੱਢੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਐਲਾਨੇ ਗਏ ਬੀ.ਕਾਮ (ਆਨਰਜ਼) ਤੇ ਬੀ.ਕਾਮ ਕੋਰਸ ਦੇ ਨਤੀਜਿਆਂ ਵਿਚ ਵੱਡੀਆਂ ਬੇਨਿਯਮੀਆਂ ਸਾਹਮਣੇ ਆਈਆਂ ਸਨ, ਜਿਸ ਵਿਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਗ਼ੈਰਹਾਜ਼ਰ ਕਰਾਰ ਦਿੱਤਾ ਗਿਆ ਸੀ ਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਪਵੇਗੀ।
ਵਿਦਿਆਰਥੀ ਆਗੂ ਭੀਮ ਕੁਮਾਰ ਨੇ ਕਿਹਾ ਕਿ ਐਸਓਐਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਵਫ਼ਦ ਵੱਲੋਂ ਮੰਗਾਂ ਉਠਾਉਂਦਿਆਂ ਇਸ ਸਬੰਧੀ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਇੱਕ ਵਫ਼ਦ ਨੇ ਓਐਸਡੀ ਪ੍ਰੀਖਿਆਵਾਂ ਨਾਲ ਮੁਲਾਕਾਤ ਕਰ ਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਓਐਸਡੀ ਇਮਤਿਹਾਨਾਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਨਤੀਜਿਆਂ ਵਿੱਚ ਮੁਸ਼ਕਲਾਂ ਆਈਆਂ ਹਨ, ਉਨ੍ਹਾਂ ਨੂੰ ਮੁੜ ਮੁਲਾਂਕਣ ਫੀਸ ਵਾਪਸ ਕਰ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਵੇਗਾ। ਓਐਸਡੀ ਨੇ ਕਾਰਜਕਾਰੀ ਪ੍ਰਿੰਸੀਪਲ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਆਦੇਸ਼ ਦਿੱਤੇ।
ਵਿਦਿਆਰਥੀਆਂ ਦੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਨਤੀਜਿਆਂ ਬਾਰੇ ਪੁੱਛਣ ਲਈ 2-3 ਘੰਟੇ ਲਈ ਐਸਓਐਲ ਵਿੱਚ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ ਤੇ ਜ਼ਿਆਦਾਤਰ ਮਾਮਲਿਆਂ ਵਿੱਚ ਅਧਿਕਾਰੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਉਨ੍ਹਾਂ ਨੂੰ ਦੁਬਾਰਾ ਆਉਣ ਲਈ ਕਹਿੰਦੇ ਹਨ।