ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਸਤੰਬਰ
ਇਥੇ ਚਾਣਕਿਆਪੁਰੀ ਦੀ ਐੱਸਡੀਐੱਮ ਵੱਲੋਂ ਕਰੋਨਾ ਐਕਟ ਦੀ ਅਣਦੇਖੀ ਕਰਨ ਦੇ ਚੱਲਦੇ ਦਿੱਲੀ ਦੇ ਕੇਂਦਰ ਵਿੱਚ ਸਥਿਤ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦੇ ਹੁਕਮਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਗੁੱਸਾ ਹੈ। ਦਿੱਲੀ ਕਮੇਟੀ ਮੈਂਬਰ ਸੁਖਬੀਰ ਸਿੰਘ ਕਾਲੜਾ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਕੋਵਿਡ ਦੀ ਆੜ ਹੇਠ ਇਹ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਇਤਿਹਾਸਕ ਗੁਰਦੁਆਰੇ ਤੋਂ ਲੰਗਰ ਤੇ ਹੋਰ ਸੇਵਾ ਕਰੋਨਾ ਕਾਲ ਦੌਰਾਨ ਕੀਤੀ ਜਾਂਦੀ ਰਹੀ ਹੈ। ਸਿੱਖ ਆਗੂ ਐੱਸਐੱਸ ਬਜਾਜ ਨੇ ਕਿਹਾ ਕਿ ਹੋਰ ਥਾਵਾਂ ਵੀ ਖੁੱਲ੍ਹੀਆਂ ਹੋਈਆਂ ਹਨ ਤੇ ਸਰਕਾਰ ਵੱਲੋਂ ਕੀਤੇ ਜਾਂਦੇ ਸਮਾਗਮਾਂ ਵਿੱਚ ਜ਼ਿਆਦਾ ਭੀੜ ਹੁੰਦੀ ਹੈ। ਹੋਰ ਸਿਆਸੀ ਧਿਰਾਂ ਦੇ ਪ੍ਰੋਗਰਾਮਾਂ ਵਿੱਚ ਵੀ ਅਜਿਹੇ ਦ੍ਰਿਸ਼ ਹੁੰਦੇ ਹਨ ਪਰ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਹੁਕਮ ਦੇਣਾ ਮੰਦਭਾਗਾ ਹੈ। ਸਾਬਕਾ ਕਮੇਟੀ ਮੈਂਬਰ ਗਿਆਨ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਹਮੇਸ਼ਾਂ ਹੀ ਸਿੱਖਾਂ ਨੂੰ ਘੱਟ ਗਿਣਤੀ ਹੋਣ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਸਥਾਨ ਨੂੰ ਬੰਦ ਕਰਨ ਲਈ ਆਖਣਾ ਸ਼ਰਮਨਾਕ ਹੈ ਜਿੱਥੋਂ ਸਰਕਾਰ ਮਦਦ ਲੈਂਦੀ ਰਹੀ ਹੈ। ਲੇਖਕ ਮਿਸਰਦੀਪ ਭਾਟੀਆ ਨੇ ਕਿਹਾ ਕਿ ਉਪਰੋਕਤ ਇਤਿਹਾਸਕ ਸਥਾਨ ਤਾਂ ਬਖਸ਼ਿਸ਼ਾਂ ਦਿੰਦਾ ਹੈ ਉਸੇ ਨੂੰ ਬੰਦ ਕਰਨ ਦਾ ਹੁਕਮ ਦੇਣਾ ਗ਼ਲਤ ਹੈ ਤੇ ਸਰਾਸਰ ਧੱਕਾ ਹੈ।
ਭਾਜਪਾ ਸਿੱਖ ਸੈੱਲ ਵੱਲੋਂ ਵੀ ਦਿੱਲੀ ਸਰਕਾਰ ਦੀ ਅਧਿਕਾਰੀ ਦੇ ਹੁਕਮਾਂ ਦੀ ਨਿੰਦਾ ਕੀਤੀ ਗਈ ਹੈ। ਭਾਜਪਾ ਆਗੂ ਕੰਵਲਜੀਤ ਸਿੰਘ ਧੀਰ ਨੇ ਕਿਹਾ ਕਿ ਜਿਸ ਸਥਾਨ ਤੋਂ ਲੋਕ ਸਿਹਤਮੰਦ ਹੁੰਦੇ ਹਨ ਉੱਥੇ ਰੋਕ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਈਦ ਦੌਰਾਨ ਮਸਜਿਦਾਂ ਖੋਲ੍ਹੀਆਂ ਗਈਆਂ ਜਦੋਂ ਕਿ ਲੌਕਡਾਊਨ ਲੱਗਾ ਸੀ। ਹੁਣ ਜਦੋਂ ਸਾਰੇ ਬਾਜ਼ਾਰ ਖੁੱਲ੍ਹ ਗਏ ਹਨ ਤਾਂ ਗੁਰਦੁਆਰਾ ਬੰਦ ਕਰਨ ਦਾ ਹੁਕਮ ਦਿੱਤਾ ਹੈ।