ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਫਰਵਰੀ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਤੇ ਆਲ ਇੰਡੀਆ ਪ੍ਰੋਗਰੈਸਿਵ ਵਿਮੈਨ ਐਸੋਸੀਏਸ਼ਨ ਨੇ ਮਜ਼ਦੂਰ ਕਾਰਕੁਨ ਨੌਦੀਪ ਕੌਰ ਤੇ ਸ਼ਿਵ ਕੁਮਾਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦਿਆਂ ਦਿੱਲੀ ਦੇ ਹਰਿਆਣਾ ਭਵਨ ਵਿੱਚ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਲਗਪਗ ਇਕ ਮਹੀਨਾ ਹੋ ਗਿਆ ਹੈ ਜਦੋਂ ਕਿ ਨੌਦੀਪ ਤੇ ਸ਼ਿਵ ਨੂੰ ਹਰਿਆਣਾ ਪੁਲੀਸ ਨੇ ਕੁੰਡਲੀ ਉਦਯੋਗਿਕ ਖੇਤਰ ਵਿੱਚ ਮਜ਼ਦੂਰਾਂ ਨੂੰ ਲਾਮਬੰਦ ਕਰਨ ਦੇ ਝੂਠੇ ਦੋਸ਼ਾਂ ਵਿੱਚ ਕਿਸਾਨ ਸੰਘਰਸ਼ ਦੇ ਨਾਲ ਖੜ੍ਹੇ ਹੋਣ ’ਤੇ ਗ੍ਰਿਫ਼ਤਾਰ ਕੀਤਾ ਸੀ। ਨੌਦੀਪ ਦੇ ਦੋਸਤਾਂ ਤੇ ਪਰਿਵਾਰ ਨੇ ਹਿਰਾਸਤ ਵਿੱਚ ਹਿੰਸਾ ਤੇ ਜਿਨਸੀ ਸ਼ੋਸ਼ਣ ਦੀ ਜਾਣਕਾਰੀ ਦਿੱਤੀ ਹੈ। ਇਹ ਵਿਰੋਧ ਪ੍ਰਦਰਸ਼ਨ ਦਿੱਲੀ ਪੁਲੀਸ ਵੱਲੋਂ ਭਾਰੀ ਬੈਰੀਕੇਡਿੰਗ ਦੇ ਬਾਵਜੂਦ ਹਰਿਆਣਾ ਭਵਨ ਨੇੜੇ ਕੀਤਾ ਗਿਆ। ਦਿੱਲੀ ਦੇ ਵਿਦਿਆਰਥੀਆਂ ਤੇ ਨਾਗਰਿਕਾਂ ਨੇ ਕਿਸਾਨ ਸੰਘਰਸ਼ ਪ੍ਰਤੀ ਇਕਜੁੱਟਤਾ ਤੇ ਨੌਦੀਪ ਤੇ ਸ਼ਿਵ ਕੁਮਾਰ ਵਰਗੇ ਕਾਰਕੁਨਾਂ ਦੀ ਗ੍ਰਿਫਤਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਵੱਲੋਂ ਬੈਰੀਕੇਡਾਂ ’ਤੇ ਇਕ ਜਨਤਕ ਮੀਟਿੰਗ ਕੀਤੀ ਗਈ।
ਇਸ ਮੌਕੇ ਕੇਂਦਰ ਸਰਕਾਰ ਤੇ ਦਿੱਲੀ ਪੁਲੀਸ ਖ਼ਿਲਾਫ਼ ਆਕਾਸ਼ ਗੁੰਜਾਊ ਨਾਅਰੇ ਲਾਏ ਗਏ। ਜੇਐੱਨਯੂ ਦੇ ਏਆਈਐਸਏ ਕਾਰਕੁਨ ਡੋਲਨ ਨੇ ਨੌਦੀਪ ਤੇ ਸ਼ਿਵ ਪ੍ਰਤੀ ਇਕਮੁੱਠਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਸੀਂ ਭਾਜਪਾ-ਆਰਐੱਸਐੱਸ ਦੇ ਫਾਸੀਵਾਦੀ ਸ਼ਾਸਨ ਦੁਆਰਾ ਬੰਦ ਆਪਣੇ ਸਾਰੇ ਮਿੱਤਰਾਂ ਤੇ ਸਾਥੀਆਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖਾਂਗੇ।’ ਏਆਈਪੀਡਬਲਿਊਏ ਦੀ ਮਾਲਾ ਨੇ ਨੌਦੀਪ ਨੂੰ ਹਿਰਾਸਤ ’ਚ ਲੈਣ ’ਤੇ ਪੁਰਖਵਾਦੀ ਤੇ ਬ੍ਰਾਹਮਣੀ ਹਿੰਸਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਔਰਤ ਕਾਰਕੁਨਾਂ ਨਾਲ ਜੇਲ੍ਹਾਂ ਵਿਚ ਸ਼ੋਸ਼ਣ ਕੀਤਾ ਜਾਂਦਾ ਹੈ, ਹਰਿਆਣਾ ਪੁਲੀਸ ਨੂੰ ਇਸ ਮਾਮਲੇ ਵਿਚ ਤੁਰੰਤ ਜਾਂਚ ਅਤੇ ਕਾਰਵਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।