ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਨਵੰਬਰ
ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਵਿਧਾਇਕ ਅਤੇ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਹੇਠ ਪੰਜਾਬ ਅਤੇ ਦਿੱਲੀ ਦੇ ਵਿਧਾਇਕਾਂ ਨੇ ਕਾਰਕੁਨਾਂ ਸਮੇਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟਾਇਆ।
ਸਵੇਰੇ ਅਚਾਨਕ ਹੀ ‘ਆਪ’ ਦੇ ਵਿਧਾਇਕ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਮਨਜੀਤ ਸਿੰਘ ਬਿਲਾਸਪੁਰ, ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਬਲਜਿੰਦਰ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਜਰਨੈਲ ਸਿੰਘ ਅਤੇ ਹੋਰਾਂ ਨਾਲ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਬਲਜਿੰਦਰ ਕੌਰ ਪੁਲੀਸ ਕਰਮੀਆਂ ਨਾਲ ਭਿੜ ਗਈ। ਇਸ ਮਗਰੋਂ ਵਿਧਾਇਕ ਸੜਕ ਉਪਰ ਲੇਟ ਗਏ ਅਤੇ ਪੁਲੀਸ ਜਬਰੀ ਉਨ੍ਹਾਂ ਨੂੰ ਭਰ ਕੇ ਜਿਪਸੀ ਵਿੱਚ ਲੈ ਗਈ। ਉਨ੍ਹਾਂ ਨੂੰ ਦਿੱਲੀ ਪੁਲੀਸ ਪਹਿਲਾਂ ਚਾਣਕਿਆ ਪੁਰੀ ਥਾਣੇ ਲੈ ਕੇ ਗਈ ਅਤੇ ਫਿਰ ਹਰੀ ਨਗਰ ਸ਼ਿਆਮ ਸੁੰਦਰ ਖਾਟੂ ਖੇਡ ਸਟੇਡੀਅਮ ਪਹੁੰਚਾਇਆ ਗਿਆ ਜਿਥੋਂ ਬੁਰਾੜੀ ਵਿਖੇ ਨਿਰੰਕਾਰੀ ਮੈਦਾਨ ’ਚ ਹਿਰਾਸਤ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।