ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਅਗਸਤ
ਆਮ ਆਦਮੀ ਪਾਰਟੀ ਨੇ ਭਾਜਪਾ ਹੈੱਡਕੁਆਰਟਰ ’ਤੇ ਪ੍ਰਦਰਸ਼ਨ ਕੀਤਾ। ‘ਆਪ’ ਦਾ ਕਹਿਣਾ ਹੈ ਕਿ ਭਾਜਪਾ ਦੱਸੇ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ 14 ਘੰਟੇ ਦੀ ਛਾਪਿਆਂ ਵਿੱਚ ਕੀ ਮਿਲਿਆ? ਸੀਬੀਆਈ ਦੀ ਛਾਪੇ ਨੂੰ 10 ਦਿਨ ਹੋ ਗਏ ਹਨ ਪਰ ਭਾਜਪਾ ਇਹ ਨਹੀਂ ਦੱਸ ਸਕੀ ਕਿ ਜਾਂਚ ਵਿੱਚ ਕੀ ਪਾਇਆ ਗਿਆ। ਇਸ ਪ੍ਰਦਰਸ਼ਨ ’ਚ ਦੁਰਗੇਸ਼ ਪਾਠਕ, ਸੰਜੀਵ ਝਾਅ, ਕੁਲਦੀਪ ਕੁਮਾਰ ਸਮੇਤ ‘ਆਪ’ ਦੇ ਕਈ ਵਿਧਾਇਕ ਮੌਜੂਦ ਸਨ। ‘ਆਪ’ ਹੈੱਡਕੁਆਰਟਰ ਤੋਂ ਰੋਸ ਪ੍ਰਦਰਸ਼ਨ ਸ਼ੁਰੂ ਕਰਦੇ ਹੋਏ ਸਾਰੇ ਭਾਜਪਾ ਹੈੱਡਕੁਆਰਟਰ ਪੁੱਜੇ ਜਿੱਥੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਐੱਮਸੀਡੀ ਦੇ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਅੱਜ ਪੂਰੀ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਇੱਥੇ ਇਕੱਠੇ ਹੋਏ ਹਨ। ਹਰ ਕੋਈ ਬੀਜੇਪੀ ਤੋਂ ਜਵਾਬ ਮੰਗਣ ਆਇਆ ਹੈ ਕਿ ਅੱਜ ਤੋਂ 10 ਦਿਨ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਦੁਨੀਆ ਦੇ ਸਭ ਤੋਂ ਹੁਸ਼ਿਆਰ ਸਿੱਖਿਆ ਮੰਤਰੀ ’ਤੇ ਸੀਬੀਆਈ ਦੀ ਛਾਪੇ ਮਾਰੇ ਗਏ ਸਨ। ਅੱਜ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਭਾਜਪਾ ਇਹ ਕਿਉਂ ਨਹੀਂ ਦੱਸ ਰਹੀ ਕਿ ਛਾਪੇ ਵਿਚ ਕੀ ਮਿਲਿਆ। 14 ਘੰਟੇ ਛਾਪੇਮਾਰੀ ਚੱਲੀ, ਘਰ ਦੇ ਹਰ ਕੋਨੇ ਦੀ ਤਲਾਸ਼ੀ ਲਈ ਗਈ। ਇੱਥੋਂ ਤੱਕ ਕਿ ਰਾਸ਼ਨ ਦੇ ਡੱਬਿਆਂ ਦੀ ਵੀ ਹੱਥੀਂ ਜਾਂਚ ਕੀਤੀ ਗਈ। ਕੰਪਿਊਟਰ-ਫ਼ੋਨ-ਫ਼ਾਈਲਾਂ ਸਭ ਖੋਹ ਲਈਆਂ ਗਈਆਂ। ਉਨ੍ਹਾਂ ਦੇ ਪਿੰਡ ਦੇ ਘਰ ’ਤੇ ਵੀ ਛਾਪਾ ਮਾਰਿਆ ਗਿਆ ਸੀ, ਜਿੱਥੇ ਜ਼ਮੀਨ ਪੁੱਟ ਕੇ, ਕੰਧਾਂ ਤੋੜ ਕੇ ਜਾਂਚ ਕੀਤੀ ਗਈ ਸੀ। ਇਸ ਤੋਂ ਪਹਿਲਾਂ ਜਦੋਂ ਕਿਸੇ ਵੀ ਸਰਕਾਰ ’ਤੇ ਦੋਸ਼ ਲੱਗਦੇ ਸਨ ਤਾਂ ਉਹ ਕਹਿੰਦੇ ਸਨ ਕਿ ਸਾਨੂੰ ਕਿਸੇ ਵੀ ਤਰ੍ਹਾਂ ਬਚਾਓ, ਜਦਕਿ ਆਮ ਆਦਮੀ ਪਾਰਟੀ ਖੁੱਲ੍ਹੇਆਮ ਪੁੱਛ ਰਹੀ ਹੈ ਕਿ ਛਾਪੇ ’ਚ ਕੀ ਮਿਲਿਆ। ਇਹ ਜੇਕਰ ਸੋਚਦੇ ਹੋ ਕਿ ਅਸੀਂ ਸੀਬੀਆਈ, ਈਡੀ ਦੇ ਛਾਪਿਆਂ ਤੋਂ ਡਰ ਜਾਵਾਂਗੇ ਤਾਂ ਤੁਸੀਂ ਬਿਲਕੁਲ ਗਲਤ ਹੋ। ਉਨ੍ਹਾ ਦੋਸ਼ ਲਾਇਆ ਕਿ 27 ਸਾਲਾਂ ਵਿੱਚ ਇਨ੍ਹਾਂ ਨੇ ਪੂਰੇ ਗੁਜਰਾਤ ਨੂੰ ਲੁੱਟਿਆ ਹੈ। ਉਹ ਪੂਰੇ ਗੁਜਰਾਤ ਵਿੱਚ ਸ਼ਰਾਬ ਮਾਫੀਆ ਦਾ ਸੰਗਠਨ ਚਲਾਉਂਦੀ ਹੈ।