ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਸਤੰਬਰ
ਇਥੇ ਜੰਤਰ-ਮੰਤਰ ’ਤੇ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਡੀਯੂਟੀਏ) ਵੱਲੋਂ ਕੌਮੀ ਸਿੱਖਿਆ ਨੀਤੀ-2020 ਖ਼ਿਲਾਫ਼ ਮਨੁੱਖੀ ਲੜੀ ਬਣਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਬਣਾਈ ਗਈ ਮਨੁੱਖੀ ਲੜੀ ਵਿੱਚ ਏਆਈਫਕਟ, ਫੇਡਕੁਟਾ, ਕ੍ਰਾਂਤੀਕਾਰੀ ਯੁਵਾ ਸੰਗਠਨ ਤੇ ਜੇਐੱਫਐੱਮਈ ਸਮੇਤ ਹੋਰ ਜਥੇਬੰਦੀਆਂ ਨੇ ਵੀ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਕੌਮੀ ਸਿੱਖਿਆ ਨੀਤੀ- 2020 ਨੂੰ ਲਾਗੂ ਕਰਨ ਦੀ ਕਵਾਇਦ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਸਲਾਹ ਕੀਤੇ ਬਗੈਰ ਪੂਰੇ ਦੇਸ਼ ਵਿੱਚ ਚੱਲ ਰਹੀ ਹੈ। ਇਹ ਕਾਰਵਾਈ ਦਿੱਲੀ ਯੂਨੀਵਰਸਿਟੀ ਵਿੱਚ ਵੀ ਕੀਤੀ ਜਾ ਰਹੀ ਹੈ ਅਤੇ ਅਗਲੇ ਸਾਲ ਤੋਂ ਇਸ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਨੇ ਕੇਂਦਰ ’ਤੇ ਦੋਸ਼ ਲਾਇਆ ਕਿ ਐੱਨਈਪੀ 2020 ਵਿੱਚ ਅਜਿਹੀਆਂ ਵਿਵਸਥਾਵਾਂ ਹਨ ਜੋ ਪੱਛੜੇ ਸਮਾਜਾਂ ਦੇ ਬਹੁਗਿਣਤੀ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਤੋਂ ਬਾਹਰ ਧੱਕਣ ਵਿੱਚ ਸਹਾਇਤਾ ਕਰਨਗੀਆਂ। ਇਹ ਸਿੱਖਿਆ ਪ੍ਰਣਾਲੀ ਵਿਸ਼ਾਲ ਖੁੱਲ੍ਹੇ ਆਨਲਾਈਨ ਕੋਰਸਾਂ ਨੂੰ ਉਤਸ਼ਾਹਤ ਕਰਦੀ ਹੈ ਜੋ ਉੱਚ ਸਿੱਖਿਆ ਤੋਂ ਵਾਂਝੇ ਬਹੁਗਿਣਤੀ ਵਿਦਿਆਰਥੀਆਂ ਤੇ ਨੌਜਵਾਨਾਂ ਲਈ ਰਸਮੀ ਤੇ ਬਿਹਤਰ ਸਿੱਖਿਆ ਦੇ ਸਾਰੇ ਰਸਤੇ ਬੰਦ ਕਰ ਦੇਵੇਗੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਸਮੀ ਉੱਚ ਸਿੱਖਿਆ ਯਕੀਨੀ ਬਣਾਉਣ ਦੀ ਬਜਾਏ, ਪੱਛੜੇ ਤੇ ਪਿੱਛੜੇ ਇਲਾਕਿਆਂ ਤੋਂ ਆਉਣ ਵਾਲਿਆਂ ਨੂੰ ਬਿਹਤਰ ਸਿੱਖਿਆ ਦੀ ਹਰ ਸੰਭਾਵਨਾ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਐਨਈਪੀ ਦੀਆਂ ਹੋਰ ਵਿਵਸਥਾਵਾਂ ਜਿਵੇਂ ਕਿ ਮਲਟੀਪਲ ਐਂਟਰੀ ਐਗਜ਼ਿਟ ਪੁਆਇੰਟ ਅਤੇ ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਹਾਸ਼ੀਏ ‘ਤੇ ਬੈਠੇ ਸਮਾਜਾਂ ਦੇ ਵਿਦਿਆਰਥੀਆਂ ਨੂੰ ਅੱਧ ਵਿਚਕਾਰ ਛੱਡਣ ਲਈ ਮਜਬੂਰ ਕਰਨਗੇ। ਅਧਿਆਪਕਾਂ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਨ ਦੀ ਬਜਾਏ, ਅੱਧ ਵਿਚਕਾਰ ਛੱਡਣ ਵਾਲਿਆਂ ਨੂੰ ਰਸਮੀ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਨੀਤੀ ਨਾਲ ਅਧਿਆਪਕਾਂ ਦੀਆਂ ਨੌਕਰੀਆਂ ਵਿੱਚ ਭਾਰੀ ਕਮੀ ਆਵੇਗੀ, ਕਿਉਂਕਿ ਉਨ੍ਹਾਂ ਦੇ ਕੰਮ ਦਾ ਬੋਝ ਘੱਟ ਜਾਵੇਗਾ। ਹਾਲਾਂਕਿ ਅਜਿਹੇ ਸਮੇਂ ਵਿੱਚ ਰਸਮੀ ਵਿਦਿਅਕ ਅਦਾਰਿਆਂ ’ਚ ਅਧਿਆਪਕਾਂ ਅਤੇ ਸੀਟਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ। ਅਜਿਹੇ ਪ੍ਰਬੰਧ ਬਹੁਗਿਣਤੀ ਨੂੰ ਰਸਮੀ ਸਿੱਖਿਆ ਦੇ ਦਾਇਰੇ ਤੋਂ ਬਾਹਰ ਧੱਕ ਦੇਣਗੇ ਤੇ ਅਧਿਆਪਨ ਖੇਤਰ ਵਿੱਚ ਨੌਕਰੀਆਂ ਘਟਾਉਣਗੇ। ਉਨ੍ਹਾਂ ਕਿਹਾ ਕਿ ਐੱਨਈਪੀ ਦੇ ਭੇਦਭਾਵਪੂਰਨ ਤੇ ਵਿਦਿਆਰਥੀਆਂ ਤੋਂ ਵਾਂਝਿਆਂ ਵਿਰੋਧੀ ਵਿਵਸਥਾਵਾਂ ਸਪੱਸ਼ਟ ਰੂਪ ਤੋਂ ਸੰਕੇਤ ਦਿੰਦੀਆਂ ਹਨ ਕਿ ਭਾਜਪਾ ਸਰਕਾਰ ਗ਼ਰੀਬ ਵਿਦਿਆਰਥੀਆਂ ਨੂੰ ਆਨਲਾਈਨ ਅਤੇ ਗੈਰ-ਰਸਮੀ ਸਿੱਖਿਆ ਵੱਲ ਧੱਕਣ ਦੀ ਨੀਅਤ ਰੱਖਦੀ ਹੈ।