ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੁਲਾਈ
ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਬਿਜਲੀ ਦਰਾਂ ਵਿੱਚ 6 ਤੋਂ 12 ਫ਼ੀਸਦੀ ਵਾਧਾ ਕਰਨ ਖ਼ਿਲਾਫ਼ ਭਾਜਪਾ ਨੇ ਜੰਗਪੁਰਾ ਵਿਧਾਨ ਸਭਾ ਹਲਕੇ ਵਿੱਚ ਧਰਨਾ ਦਿੱਤਾ ਤੇ ਦਿੱਲੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਇਸੇ ਦੌਰਾਨ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੌਮੀ ਰਾਜਧਾਨੀ ਦੇ ਸਾਰੇ 70 ਵਿਧਾਨ ਸਭਾ ਹਲਕਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਸਾਬਕਾ ਮੇਅਰ ਰਵਿੰਦਰ ਗੁਪਤਾ ਦੀ ਅਗਵਾਈ ਵਿੱਚ ਦਿੱਲੀ ਭਾਜਪਾ ਦੇ ਆਗੂਆਂ ਨੇ ਵੀ ਇੱਥੇ ‘ਆਪ’ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਕੇਜਰੀਵਾਲ ਸਰਕਾਰ ਬਿਜਲੀ ਖ਼ਰਚਿਆਂ ਵਿੱਚ ਕੀਤਾ ਵਾਧਾ ਵਾਪਸ ਲਵੇ। ਧਰਨੇ ਦੌਰਾਨ ਉਨ੍ਹਾਂ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਿਆ। ਆਦੇਸ਼ ਗੁਪਤਾ ਨੇ ਦਾਅਵਾ ਕੀਤਾ ਕਿ ਬਿਜਲੀ ਖ਼ਰੀਦ ਐਡਜਸਟਮੈਂਟ ਲਾਗਤ ਵਿੱਚ ਵਾਧੇ ਸਣੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੁਲਾਕਾਤ ਦੀ ਮੰਗ ਕੀਤੀ ਗਈ ਸੀ ਪਰ ਸਥਾਨਕ ਮੁੱਦਿਆਂ ਵੱਲ ਧਿਆਨ ਦੇਣ ਦੀ ਬਜਾਇ, ਉਹ ਆਪਣੀ ਸਿੰਗਾਪੁਰ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਰੁੱਝੇ ਹੋਏ ਹਨ। ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਚਲਾਕੀ ਨਾਲ ਬਿਜਲੀ ਦੀਆਂ ਦਰਾਂ ਵਿੱਚ ਇਸ ਤਰ੍ਹਾਂ ਵਾਧਾ ਕੀਤਾ ਜਿਸ ਨਾਲ ਹਰ ਖ਼ਪਤਕਾਰ ਉੱਪਰ 6 ਤੋਂ 12 ਫ਼ੀਸਦੀ ਵੱਧ ਭਾਰ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਦੁਕਾਨਦਾਰਾਂ ਨੂੰ ਕਰੋਨਾ ਕਾਲ ਦੌਰਾਨ ਬੰਦ ਦੁਕਾਨਾਂ, ਅਦਾਰਿਆਂ ਤੇ ਕਾਰੋਬਾਰੀ ਥਾਵਾਂ ਦੇ 2000 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਦੇ ਬਿੱਲ ਕਮਰਸ਼ੀਅਲ ਦਰਾਂ ਉੱਪਰ ਦੇਣੇ ਪਏ ਪਰ ਦਿੱਲੀ ਸਰਕਾਰ ਨੇ ਇਨ੍ਹਾਂ ਵਰਗਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਭਾਜਪਾ ਮੰਡਲ ਆਗੂ ਆਸ਼ੋਕ ਵਿਵਸ਼ਠ, ਚੰਨੀ ਸਾਂਗਵਾਨ, ਵਿਕਾਸ ਚੌਧਰੀ, ਸੰਤੋਸ਼ ਸਣੇ ਹੋਰ ਭਾਜਪਾ ਆਗੂਆਂ ਨੇ ਕੇਜਰੀਵਾਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਹੱਥਾਂ ਵਿੱਚ ਤਖ਼ਤੀਆਂ ਲਹਿਰਾਈਆਂ ਜਿਨ੍ਹਾਂ ਉਪਰ ‘6 ਫ਼ੀਸਦੀ ਵਧੇ ਬਿਜਲੀ ਦੇ ਭਾਅ ਵਾਪਸ ਲਓ’, ‘ਕੇਜਰੀਵਾਲ ਸ਼ਰਮ ਕਰੋ, ਦਿੱਲੀ ਵਾਸੀਆਂ ਨੂੰ ਧੋਖਾ ਦੇਣਾ ਬੰਦ ਕਰੋ’, ‘ਦਿੱਲੀ ਦੇ ਵਧੇ ਭਾਅ ਵਾਪਸ ਲਓ ਵਰਨਾ ਗੱਦੀ ਛੱਡੋ’ ਆਦਿ ਨਾਅਰੇ ਲਿਖੇ ਹੋਏ ਸਨ।