ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਦਿੱਲੀ ਦੇ ਸਕੂਲੀ ਟੀਜੀਟੀ ਪੰਜਾਬੀ ਅਧਿਆਪਕਾਂ ਵਿੱਚੋਂ ਚੋਣਵੇਂ ਤਰੱਕੀ ਪ੍ਰਾਪਤ ਪੀਜੀਟੀ (ਲੈਕਚਰਾਰ ਪੰਜਾਬੀ) ਅਧਿਆਪਕਾਂ ਨੇ ਦਿੱਲੀ ਦੇ ਵੱਖ-ਵੱਖ ਸਕੂਲਾਂ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ, ਜਿਨ੍ਹਾਂ ਵਿੱਚ ਸੁਨੀਲ ਕੁਮਾਰ ਬੇਦੀ, ਮਨਿੰਦਰ ਸਿੰਘ, ਰਣਜੀਤ ਸਿੰਘ, ਤੀਰਥ ਸਿੰਘ ਚੰਦੀ, ਪਵਨ ਕੁਮਾਰ, ਯਸ਼ਪਾਲ, ਮੈਡਮ ਦੀਪਾ, ਰਵਿੰਦਰ ਕੌਰ, ਅਮਰਜੀਤ ਕੌਰ, ਰੁਪਿੰਦਰਜੀਤ ਕੌਰ, ਸਰਬਜੀਤ ਕੌਰ, ਗੁਰਪ੍ਰੀਤ ਕੌਰ, ਨਵਿੰਦਰਜੀਤ ਕੌਰ ਆਦਿ ਨੂੰ ਸਕੂਲ ਮੁਖੀਆਂ ਦੁਆਰਾ ਜੁਆਇਨ ਕਰਾਇਆ ਗਿਆ। ਇਸ ਮੌਕੇ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਨੰਬਰ 1 ਸ਼ਕੂਰਪਰ ਵਿੱਚ ਸੁਨੀਲ ਬੇਦੀ ਵੱਲੋਂ ਅਹੁਦੇ ਦੀ ਜਿੰਮੇਵਾਰੀ ਸੰਭਾਲਣ ਤੇ ਸਕੂਲ ਦੀ ਪਿੰ੍ਰਸੀਪਲ ਮੈਡਮ ਮੀਨਾ ਸ਼ਰਮਾ ਅਤੇ ਸਕੂਲ ਸਟਾਫ਼ ਅੰਮ੍ਰਿਤ ਕੌਰ, ਡਾ. ਹਰਪ੍ਰੀਤ ਸਿੰਘ, ਨਿਗਮ ਆਰਿਆ, ਨਰੇਸ਼ ਕੁਮਾਰ ਨੇ ਸੁਆਗਤ ਕਰਦੇ ਹੋਏ ਉਹਨਾਂ ਦੀ ਤਰੱਕੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਨਵੀਆਂ ਅਸਾਮੀਆਂ ਦੇ ਵਿਸ਼ੇ ਬਾਰੇ ਜਾਣਕਾਰੀ ਮੰਗੀ
ਦਿੱਲੀ ਸਰਕਾਰ ਵੱਲੋਂ ਪੰਜਾਬੀ ਅਧਿਆਪਕਾਂ ਦੀਆਂ 874 ਅਸਾਮੀਆਂ ਲਈ ਜਾਰੀ ਨੋਟੀਫਿਕੇਸ਼ਨ ਮਗਰੋਂ ਪੰਜਾਬੀ ਭਾਸ਼ਾ ਦੇ ਉਨ੍ਹਾਂ ਜਾਣਕਾਰਾਂ ਨੂੰ ਸਰਕਾਰੀ ਨੌਕਰੀ ਦੀ ਉਮੀਦ ਬੱਝੀ ਹੈ। ਪਰ ਸਰਕਾਰ ਵੱਲੋਂ ਇਨ੍ਹਾਂ ਅਸਾਮੀਆਂ ਲਈ ਲਏ ਜਾਣ ਵਾਲੇ ‘ਐਂਟਰੈਂਸ’ ਟੈਸਟ ਲਈ ਕੋਈ ਸਿਲੇਬਸ ਨਹੀਂ ਦਿੱਤਾ ਗਿਆ, ਜਿਸ ਦੀ ਤਿਆਰੀ ਉਹ ਕਰ ਸਕਣ। ਇਸ ਮੁੱਦੇ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਯੂਨੀਵਰਸਿਟੀ ਦੇ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਗਿਆ ਹੈ। ਕਾਲਜ ਪ੍ਰਿੰਸੀਪਲ ਨੇ ਕਿਹਾ ਹੈ ਕਿ ਦਿੱਲੀ ਸਰਵਿਸ ਸਿਲੈਕਸ਼ਨ ਬੋਰਡ ਰਾਹੀਂ ਕੀਤੀਆਂ ਜਾਣ ਵਾਲੀਆਂ ਅਧਿਆਪਕਾਂ ਦੀਆਂ ਇਨ੍ਹਾਂ ਭਰਤੀਆਂ ਲਈ ਸਿਲੇਬਸ ਬਾਰੇ ਦੱਸਿਆ ਜਾਵੇ।