ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਕਤੂਬਰ
ਪ੍ਰੋਫ਼ੈਸਰ ਰੇਣੁਕਾ ਸਿੰਘ ਨੇ ਆਪਣੀ ਸੰਪਾਦਿਤ, ਪੰਜਾਬੀ ਵਿੱਚ ਅਨੁਵਾਦਤ ਅਤੇ ਨਵਯੁੱਗ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਪੁਸਤਕ ‘ਨਵਾਂ ਸਵੇਰਾ-ਨਵਾਂ ਸੁਨੇਹਾ: ਪਰਮ-ਪਾਵਨ ਦਲਾਈ ਲਾਮਾ’ 14ਵੇਂ ਦਲਾਈ ਲਾਮਾ ਨੂੰ ਮਕਲੌੜ ਗੰਜ ਵਿਖੇ ਭੇਟ ਕੀਤੀ।
ਪੁਸਤਕ ਭੇਟ ਕਰਨ ਮਗਰੋਂ ਪੁਸਤਕ ਦੀ ਸੰਪਾਦਕ ਪ੍ਰੋਫ਼ੈਸਰ ਰੇਣੁਕਾ ਸਿੰਘ ਨੇ ਦੱਸਿਆ ਕਿ ਇਸ ਵਿੱਚ ਦਲਾਈ ਲਾਮਾ ਦੇ ਮਨ ਦੀ ਸ਼ਾਂਤੀ ਤੋਂ ਲੈ ਕੇ ਵਿਸ਼ਵ ਸ਼ਾਂਤੀ ਸਬੰਧੀ ਸਾਲ ਦੇ 365 ਦਿਨਾਂ ਲਈ ਵਿਚਾਰ ਹਨ ਜੋ ਮਨੁੱਖੀ ਮਨ ਨੂੰ ਸਥਿਰ ਤੇ ਸ਼ਾਂਤ ਰੱਖਣ ਲਈ ਸਿਖਲਾਈ ਦਾ ਜ਼ਰੀਆ ਹਨ। ਦਰਅਸਲ, ਇਹ ਬੁੱਧ ਮੱਤ ਦੇ ਮਾਨਵ ਮੁਖੀ ਉਪਦੇਸ਼ਾਂ, ਸਿੱਖਿਆਵਾਂ ਅਤੇ ਬੁੱਧ ਮੱਤ ਨਾਲ ਸਬੰਧਤ ਅਧਿਆਤਮਕ ਵਿਚਾਰਾਂ ਦਾ ਝਲਕਾਰਾ ਹੈ। ਇਸ ਦਾ ਅਨੁਵਾਦ ਪੰਜਾਬੀ ਦੇ ਪ੍ਰਸਿੱਧ ਰਚਨਾਕਾਰ ਜੰਗ ਬਹਾਦੁਰ ਗੋਇਲ ਨੇ ‘ਡੇਲੀ ਇੰਸਪੀਰੇਸ਼ਨ ਫਰੌਮ ਹਿਜ਼ ਹੋਲੀਨੈੱਸ ਦਿ ਦਲਾਈ ਲਾਮਾ’ ਤੋਂ ਕੀਤਾ ਹੈ ਜਿਸ ਨੂੰ ਡਾ. ਰੇਣੁਕਾ ਸਿੰਘ ਨੇ ਅੰਗਰੇਜ਼ੀ ਵਿੱਚ ਸੰਪਾਦਤ ਕਰ ਕੇ ਛਪਵਾਇਆ ਸੀ। ਜ਼ਿਕਰਯੋਗ ਹੈ ਕਿ ਪ੍ਰੋ. ਰੇਣੁਕਾ ਸਿੰਘ ਬੁੱਧ ਮੱਤ ਨਾਲ ਸਬੰਧਤ ਕਈ ਅੰਗਰੇਜ਼ੀ ਪੁਸਤਕਾਂ ਦੀ ਲੇਖਿਕਾ ਤੇ ਸੰਪਾਦਕ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਜੈਂਡਰ ਸਟੱਡੀਜ਼, ਡਾਇਸਪੋਰਾ ਉੱਤੇ ਮਹੱਤਵਪੂਰਨ ਤੇ ਨਿਵੇਕਲਾ ਖੋਜ ਕਾਰਜ ਕੀਤਾ ਹੈ। ਡਾ. ਰੇਣੁਕਾ ਸਿੰਘ ਇਸ ਵੇਲੇ ਤੁਸ਼ਿਤਾ ਮਹਾਯਾਨ ਮੈਡੀਟੇਸ਼ਨ ਸੈਂਟਰ, ਦਿੱਲੀ ਦੇ ਡਾਇਰੈਕਟਰ ਅਤੇ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਚੇਅਰਪਰਸਨ ਹਨ।