ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੁਲਾਈ
ਅਕੈਡਮਿਕਸ ਆਫ ਐਕਸ਼ਨ ਐਂਡ ਡਿਵੈਲਪਮੈਂਟ ਦੇ ਚੇਅਰਪਰਸਨ ਅਤੇ 3 ਵਾਰ ਡੂਟਾ ਦੇ ਪ੍ਰਧਾਨ ਰਹਿ ਚੁੱਕੇ ਡਾ. ਆਦਿਤਿਆ ਨਾਰਾਇਣ ਮਿਸ਼ਰਾ ਸਮੇਤ ਡੀਯੂਟੀਏ ਦੀ ਮੌਜੂਦਾ ਕਾਰਜਕਾਰਨੀ ਦੇ ਇੱਕ ਦਰਜਨ ਤੋਂ ਵੱਧ ਪ੍ਰੋਫੈਸਰ, ਅਕਾਦਮੀਸ਼ੀਅਨ ਤੇ ਕਈ ਮੈਂਬਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਨ੍ਹਾਂ ਦਾ ਪਾਰਟੀ ਵਿੱਚ ਟੋਪੀ ਤੇ ਪਟਕਾ ਪਾ ਕੇ ਸਵਾਗਤ ਕੀਤਾ। ਇਸ ਮੌਕੇ ਸ੍ਰੀ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਇਸੇ ਕਰਕੇ ਜਦੋਂ ਤੋਂ ਪਾਰਟੀ ਦੀ ਸਰਕਾਰ ਆਈ ਹੈ, ਸਿੱਖਿਆ ਨੂੰ ਪਹਿਲ ਦੇ ਕੇ ਵਧੀਆ ਕੰਮ ਕੀਤਾ ਗਿਆ। ਜਾਣਕਾਰੀ ਅਨੁਸਾਰ ਐਤਵਾਰ ਨੂੰ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਡੀਯੂਟੀਏ) ਦੇ 4 ਮੌਜੂਦਾ ਅਹੁਦੇਦਾਰ ਡਾ. ਆਦਿਤਿਆ ਨਾਰਾਇਣ ਮਿਸ਼ਰਾ, ਡਾ. ਰਾਮ ਕਿਸ਼ੋਰ ਯਾਦਵ, ਪ੍ਰੋ. ਅੰਜੂ ਜੈਨ, ਡਾ. ਆਨੰਦ ਪ੍ਰਕਾਸ਼, ਪ੍ਰੋ. ਡੀਯੂ ਦੀ ਵਿੱਤ ਕਮੇਟੀ ਦੇ ਮੈਂਬਰ ਡਾ. ਜੇਐੱਲ ਗੁਪਤਾ ਸਮੇਤ ਦੇਵਨੰਦਨ ਕੁਮਾਰ, ਡਾ. ਰਾਜਪਾਲ ਸਿੰਘ, ਡੀਯੂਟੀਏ ਦੀ ਕਾਰਜਕਾਰੀ ਕਮੇਟੀ ਮੈਂਬਰ ਡਾ. ਸੀਮਾ ਦਾਸ, ਅਕਾਦਮਿਕ ਕੌਂਸਲ ਮੈਂਬਰ ਡਾ. ਆਲੋਕ ਰੰਜਨ ਪਾਂਡੇ, ਡਾ. ਸੀਐੱਮ ਨੇਗੀ, ਡਾ. ਕਪਿਲਾ ਮੁੱਲਾ, ਸਾਬਕਾ ਕਾਰਜਕਾਰੀ ਕਮੇਟੀ ਮੈਂਬਰ ਡਾ. ਪ੍ਰੇਮ ਚੰਦਰ, ਡਾ. ਰਾਜੇਸ਼ ਝਾਅ ਅਤੇ ਕਈ ਹੋਰ ਪਾਰਟੀ ਵਿੱਚ ਸ਼ਾਮਲ ਹੋਏ।