ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਫਰਵਰੀ
ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਪ੍ਰੋ. ਪੂਰਨ ਸਿੰਘ ਦੇ 141ਵੇਂ ਜਨਮ-ਦਿਵਸ ਨੂੰ ਸਮਰਪਿਤ ‘ਰੀਵਿਜ਼ੀਟਿੰਗ ਪ੍ਰੋ. ਪੂਰਨ ਸਿੰਘ’ ਸਿਰਲੇਖ ਅਧੀਨ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਡਾ. ਯਾਦਵਿੰਦਰ ਸਿੰਘ ਨੇ ਲੈਕਚਰ ਦਿੱਤਾ। ਇਸ ਦੀ ਪ੍ਰਧਾਨਗੀ ਸੈਂਟਰ ਫਾਰ ਹਿਸਟੋਰੀਕਲ ਸਟਡੀਜ਼, ਜੇਐਨਯੂ, ਨਵੀਂ ਦਿੱਲੀ ਤੋਂ ਪ੍ਰੋ. ਭਗਵਾਨ ਜੋਸ਼ ਨੇ ਕੀਤੀ। ਪ੍ਰੋਗਰਾਮ ਦੇ ਆਰੰਭ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਲਗਾਤਾਰੀ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਜੀ ਆਇਆਂ ਕਿਹਾ। ਨਾਲ ਹੀ ਪ੍ਰੋ. ਪੂਰਨ ਸਿੰਘ ਦੇ ਕੁਦਰਤ ਤੇ ਅਧਿਆਤਮ ਸਬੰਧੀ ਵਿਚਾਰਾਂ ਤੇ ਉਦਗਾਰਾਂ ਨੂੰ ਅੱਜ ਦੇ ਪ੍ਰਸੰਗ ’ਚ ਮੁੜ ਚਿਤਵਨ ’ਤੇ ਜ਼ੋਰ ਦਿੱਤਾ। ਡਾ. ਯਾਦਵਿੰਦਰ ਸਿੰਘ ਨੇ ਪ੍ਰੋ. ਪੂਰਨ ਸਿੰਘ ਦੀ ਭਾਈ ਵੀਰ ਸਿੰਘ ਨਾਲ ਬਣੇ ਰੂਹਾਨੀ ਰਿਸ਼ਤੇ ਤੋਂ ਗੱਲ ਆਰੰਭਦਿਆਂ ਸ਼ਖ਼ਸੀਅਤ, ਕਵਿਤਾ ਅਤੇ ਪੰਜਾਬ ਦੇ ਹਵਾਲੇ ਨਾਲ ਉਨ੍ਹਾਂ ਦੀ ਦੇਣ ਨੂੰ ਉਜਾਗਰ ਕੀਤਾ। ਡਾ. ਯਾਦਵਿੰਦਰ ਅਨੁਸਾਰ ਪੋਠੋਹਾਰ ਦੇ ਇਲਾਕੇ ’ਚ ਜਨਮੇ ਪ੍ਰੋ. ਪੂਰਨ ਸਿੰਘ ’ਤੇ ਉਥੋਂ ਦੇ ਦਰਿਆਵਾਂ, ਝਰਨਿਆਂ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਅਤੇ ਅਧਿਆਪਿਕਾਂ ਤੋਂ ਪ੍ਰਾਪਤ ਮੁੱਢਲੇ ਗਿਆਨ ਦਾ ਹੀ ਅਸਰ ਸੀ ਕਿ ਉਹ ਪ੍ਰੰਪਰਾ ਦੇ ਨੇਮਾਂ ਤੋਂ ਆਜ਼ਾਦ ਹੋ ਵਿਚਰੇ। ਨਿਰੋਲ ਅਧਿਆਤਮ ਅਤੇ ਕੁਦਰਤ ਦੀ ਰਵਾਨਗੀ ਭਰੀ ਸ਼ੈਲੀ ’ਚ ਗੱਲ ਕਰਨ ਵਾਲੇ ਪੂਰਨ ਸਿੰਘ ਦੀਆਂ ਲਿਖਤਾਂ ’ਚ ਸਾਨੂੰ ਇਸ ਦੇ ਬਾਕਮਾਲ ਦੀਦਾਰੇ ਹੁੰਦੇ ਹਨ। ਪ੍ਰੋ. ਭਗਵਾਨ ਜੋਸ਼ ਨੇ ਡਾ. ਯਾਦਵਿੰਦਰ ਸਿੰਘ ਦੇ ਲੈਕਚਰ ਦੀ ਪ੍ਰਸ਼ੰਸਾ ਕੀਤੀ। ਆਪਣੇ ਸੰਬੋਧਨ ’ਚ ਉਨ੍ਹਾਂ ਯੂਨੀਵਰਸਿਟੀ ਜੇਐਨਯੂ, ਜਿਥੇ ਹਰ ਭਾਸ਼ਾ ਦੀ ਚੇਅਰ ਹੈ, ਉਥੇ ਪੰਜਾਬੀ ’ਚ ਪ੍ਰੋ. ਪੂਰਨ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਲਈ ਪੰਜਾਬੀ ਅਦਾਰਿਆਂ ਅੱਗੇ ਪੁਰਜ਼ੋਰ ਇੱਛਾ ਜ਼ਾਹਰ ਕੀਤੀ।