ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਆਲ ਇੰਡੀਆ ਪੰਥਕ ਫੋਰਮ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤਪਾਲ ਸਿੰਘ ਕਪੂਰ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਸ੍ਰੀ ਕਪੂਰ ਨੇ ਫੋਰਮ ਦੇ ਪ੍ਰਧਾਨ ਡਾ. ਹਰਮੀਤ ਸਿੰਘ ਨੂੰ ਭੇਜੇ ਗਏ ਅਸਤੀਫ਼ੇ ਵਿੱਚ ਕਿਹਾ ਕਿ ਉਹ ਫੋਰਮ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਤੇ ਇਸ ਸੰਸਥਾ ਨੂੰ ਹੁਣ ਅਕਾਲੀ ਦਲ ਦੇ ਇੱਕ ਧੜੇ ਖ਼ਿਲਾਫ਼ ਕਈ ਮਾਮਲਿਆਂ ਵਿੱਚ ਇਸਤੇਮਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕੁਝ ਬਿਆਨ ਫੋਰਮ ਵੱਲੋਂ ਦਿੱਤੇ ਗਏ ਜਿਨ੍ਹਾਂ ਵਿੱਚ ਉਨ੍ਹਾਂ (ਕਪੂਰ) ਦਾ ਨਾਂ ਨਹੀਂ ਸੀ, ਜੋ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਮੁੱਦਿਆਂ ਨਾਲ ਸਬੰਧਤ ਸਨ। ਉਨ੍ਹਾਂ ਫੋਨ ’ਤੇ ਦੱਸਿਆ ਕਿ ਫੋਰਮ ਦੇ ਬਿਆਨ ਇੱਕ ਵਿਸ਼ੇਸ਼ ਧੜੇ ਪੱਖੀ ਸਨ।ਉਨ੍ਹਾਂ ਕਿਹਾ ਕਿ ਇਸ ਸੰਸਥਾ ਬਣਾਉਣ ਸਮੇਂ ਇਹ ਤੈਅ ਕੀਤਾ ਗਿਆ ਸੀ ਕਿ ਇਸ ਫੋਰਮ ਨੂੰ ਕਿਸੇ ਧੜੇ ਦੇ ਪੱਖ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ।