ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਗੋਆ ਵਿੱਚ ਸਮ੍ਰਿਤੀ ਇਰਾਨੀ ਦੀ ਧੀ ਦੁਆਰਾ ਚਲਾਏ ਜਾ ਰਹੇ ਇੱਕ ਰੈਸਟੋਰੈਂਟ ’ਤੇ ਜਾਅਲੀ ਲਾਇਸੈਂਸ ਲੈਣ ਦਾ ਦੋਸ਼ ਹੈ। ਇਹ ਲਾਇਸੈਂਸ ਮਈ 2021 ਵਿੱਚ ਮਰਨ ਵਾਲੇ ਵਿਅਕਤੀ ਦੇ ਨਾਮ ਉੱਤੇ ਹੈ ਅਤੇ ਲਾਇਸੈਂਸ ਜੂਨ 2022 ਵਿੱਚ ਲਿਆ ਗਿਆ ਸੀ। ਗੋਆ ਦੇ ਕਾਨੂੰਨ ਮੁਤਾਬਕ ਇੱਕ ਰੈਸਟੋਰੈਂਟ ਨੂੰ ਸਿਰਫ਼ ਇੱਕ ਵਾਰ ਲਾਇਸੈਂਸ ਮਿਲ ਸਕਦਾ ਹੈ, ਇਸ ਰੈਸਤਰਾਂ ਨੂੰ 2 ਲਾਇਸੈਂਸ ਮਿਲੇ ਹਨ। ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਸਮ੍ਰਿਤੀ ਇਰਾਨੀ ਦਾ ਪਰਿਵਾਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਮਰੇ ਹੋਏ ਵਿਅਕਤੀ ਦੇ ਨਾਮ ਦੀ ਦੁਰਵਰਤੋਂ ਕਰਕੇ ਆਪਣੀਆਂ ਤਿਜੋਰੀਆਂ ਭਰਨ ਤੋਂ ਵੱਧ ਬੇਸ਼ਰਮੀ ਕੀ ਹੋ ਸਕਦੀ ਹੈ। ਪ੍ਰਧਾਨ ਨੇ ਇਹ ਵੀ ਕਿਹਾ ਕਿ ਇਸ ਗੈਰਕਾਨੂੰਨੀ ਰੇਸਤਰਾਂ/ਬਾਰ ਨੂੰ ਨੋਟਿਸ ਦੇਣ ਵਾਲੇ ਆਬਕਾਰੀ ਕਮਿਸ਼ਨਰ ਦੇ ਤਬਾਦਲੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਸਮ੍ਰਿਤੀ ਇਰਾਨੀ ਦੇ ਦਖਲ ਤੋਂ ਬਿਨਾ ਹੋ ਰਿਹਾ ਹੈ ? ਕੀ ਇਹ ਲਾਇਸੈਂਸ ਉਨ੍ਹਾਂ ਦੇ ਪ੍ਰਭਾਵ ਤੋਂ ਬਿਨਾਂ ਦਿੱਤਾ ਗਿਆ ਸੀ ? ਉਨ੍ਹਾਂ ਇਹ ਵੀ ਕਿਹਾ ਕਿ ਆਪਣੀ ਰਾਜਨੀਤੀ ਚਮਕਾਉਣ ਲਈ ਦੂਜਿਆਂ ’ਤੇ ਚਿੱਕੜ ਸੁੱਟਣ ਵਾਲੀ ਸਮ੍ਰਿਤੀ ਇਰਾਨੀ ਅੱਜ ਚੁੱਪ ਹੈ। ਉਨ੍ਹਾਂ ਮੰਗ ਕੀਤੀ ਕਿ ਸਮ੍ਰਿਤੀ ਇਰਾਨੀ ਨੂੰ ਜਲਦੀ ਤੋਂ ਜਲਦੀ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਰਖਾਸਤ ਕਰਨ ਵਿੱਚ ਦੇਰੀ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਮੋਦੀ ਭ੍ਰਿਸ਼ਟਾਚਾਰ ਨੂੰ ਸਰਪ੍ਰਸਤੀ ਦਿੰਦੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਮੁੱਚੇ ਮਾਮਲੇ ਦੀ ਨਿਰਪੱਖ ਢੰਗ ਨਾਲ ਉੱਚ ਪੱਧਰੀ ਜਾਂਚ ਕਰਵਾਈ ਜਾਵੇ।