ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੂਨ
ਸੰਸਕ੍ਰਿਤੀ ਮੰਤਰਾਲੇ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਜਸ਼ਨਾਂ ਦੇ ਹਿੱਸੇ ਵਜੋਂ ਅੱਜ ਪੁਰਾਣਾ ਕਿਲਾ, ਨਵੀਂ ਦਿੱਲੀ ਵਿਖੇ ‘ਯੋਗ ਮਹੋਤਸਵ’ ਦਾ ਆਯੋਜਨ ਕੀਤਾ। ਇਸ ਸਮਾਗਮ ਦਾ ਉਦੇਸ਼ ਲੋਕਾਂ ਵਿੱਚ ਸੱਭਿਆਚਾਰਕ ਤੰਦਰੁਸਤੀ ਦਾ ਸਦੀਵੀ ਮੁੱਲ ਪੈਦਾ ਕਰਨਾ ਸੀ। ਇਸ ਸਮਾਗਮ ਵਿੱਚ ਸੱਭਿਆਚਾਰ ਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਸੱਭਿਆਚਾਰਕ ਅਤੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਡਾ. ਮੀਨਾਕਸ਼ੀ ਲੇਖੀ ਸਨ। ਇਸ ਸਮਾਗਮ ਵਿੱਚ ਸੱਭਿਆਚਾਰਕ ਮੰਤਰਾਲੇ ਦੇ ਅਧਿਕਾਰੀਆਂ ਅਤੇ 40 ਤੋਂ ਵੱਧ ਦੇਸ਼ਾਂ ਦੇ ਵਿਦੇਸ਼ੀ ਡੈਲੀਗੇਟਾਂ ਸਮੇਤ 500 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਦੇ ਪਾਠ ਨਾਲ ਹੋਈ ਅਤੇ ਇਸ ਤੋਂ ਬਾਅਦ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ ਦੇ ਇੰਸਟਰੱਕਟਰਾਂ ਵੱਲੋਂ ਯੋਗਾ ਦਾ ਸੈਸ਼ਨ ਹੋਇਆ। ਇਸ ਮੌਕੇ ਸ੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਯੋਗਾ ਇੱਕ ਸਿਹਤਮੰਦ ਅਤੇ ਸਰਗਰਮ ਜੀਵਨ ਦੀ ਕੁੰਜੀ ਹੈ। ਕੇਂਦਰੀ ਮੰਤਰੀ ਨੇ 21 ਜੂਨ ਦੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਯੋਗਾ ਦਾ ਅਭਿਆਸ ਕਰਕੇ ਅਤੇ ਇਸ ਦੇ ਲਾਭ ਹੋਰਨਾਂ ਨਾਲ ਸਾਂਝੇ ਕਰਨ ਦੀ ਵੀ ਅਪੀਲ ਕੀਤੀ।
ਅੰਤਰਰਾਸ਼ਟਰੀ ਯੋਗ ਦਿਵਸ ਦੀ ਰਿਹਰਸਲ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਇੱਥੇ ਅੱਜ ਮਾਰਕੰਡਾ ਨੈਸ਼ਨਲ ਕਾਲਜ ਵਿਚ ਐੱਨਸੀਸੀ ਤੇ ਐੱਨਐੱਸਐੱਸ ਵਾਲੰਟੀਅਰਾਂ ਦੇ ਸਾਂਝੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਦੀ ਰਿਹਰਸਲ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਅਸ਼ੋਕ ਕੁਮਾਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਯੋਗ ਸਾਡੀ ਨਿਤ ਦੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ । ਯੋਗ ਗੁਰੂ ਸੁਖਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਤਾੜ ਆਸਨ, ਵ੍ਰਿਕਸ਼ਾ ਆਸਨ, ਭੁਜੰਗ ਆਸਨ, ਸ਼ੀਰਸ਼ ਆਸਨ , ਅਨੁਲੋਮ ਵਿਲੋਮ, ਕਪਾਲ ਭਾਤੀ ਆਦਿ ਆਸਨ ਕਰਵਾਏ ਤੇ ਉਨਾਂ ਦੇ ਮਹੱਤਵ ਬਾਰੇ ਦੱਸਿਆ। ਐਨਸੀਸੀ ਅਧਿਕਾਰੀ ਲੈਫਟੀਨੈਂਟ ਸੁਰੇਸ਼ ਕੁਮਾਰ ਨੇ ਦਸਿੱਆ ਕਿ ਇਹ ਰਿਹਰਸਲ 20 ਜੂਨ ਤੱਕ ਜਾਰੀ ਰਹੇਗੀ ਤੇ 21 ਨੂੰ ਸਵੇਰੇ 6 ਵਜੇ ਯੋਗ ਦਿਵਸ ਸ਼ੁਰੂ ਹੋਵੇਗਾ ਜੋ ਆਯੂਸ਼ ਵਿਭਾਗ, ਭਾਰਤ ਸਰਕਾਰ ਵਲੋਂ ਮਨਾਇਆ ਜਾਏਗਾ। ਇਸ ਮੌਕੇ ਡਾ ਚੂਹੜ ਸਿੰਘ, ਪ੍ਰੋ ਸਿਧਾਂਤ, ਡਾ. ਜਵਾਹਰ ਲਾਲ, ਅਜੇ ਕੁਮਾਰ, ਸ਼ਸ਼ੀ ਕਾਂਤ, ਮਨੋਜ , ਲਲਿਤ ਕੁਮਾਰ ਮੌਜੂਦ ਸਨ।