ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜਨਵਰੀ
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਬਾਲਾ ਸਾਹਿਬ ਹਸਪਤਾਲ ਨੂੰ ਬਣਾਉਣ ਤੇ ਮੁੜ ਸਥਾਪਤ ਕਰਨ ਲਈ ਅੱਜ ਹਸਪਤਾਲ ਦੀ ਖੰਡਰ ਬਣ ਚੁੱਕੀ ਇਮਾਰਤ ’ਚ ਅਰਦਾਸ ਕੀਤੀ ਗਈ। ਇਸ ਮੌਕੇ ਸਰਨਾ ਧੜੇ ਦੇ ਆਗੂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਸਮੇਤ ਹੋਰ ਹਾਜ਼ਰ ਸਨ। ਆਲੀਸ਼ਾਨ ਹਸਪਤਾਲ ਦੀ ਨੀਂਹ ਰੱਖਣ ਵਾਲੇ ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸੰਗਤਾਂ ਅਤੇ ਦਿੱਲੀ ਦੇ ਕਾਰਕੁਨਾਂ ਨਾਲ ਅਰਦਾਸ ਸਮਾਗਮ ਕਰਵਾਇਆ। ਸਰਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ,‘‘ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਇਸ ਦਾ ਮੁੱਖ ਕਾਰਨ 500 ਬੈੱਡ ਦੇ ਸ਼ਾਨਦਾਰ ਹਸਪਤਾਲ ਨੂੰ ਦੁਬਾਰਾ ਸ਼ੁਰੂ ਕਰਨਾ ਤੇ ਇਸ ਨੂੰ ਦਿੱਲੀ ਦੀ ਸੰਗਤ ਨੂੰ ਸੌਂਪਣਾ ਹੈ। ਹਰਵਿੰਦਰ ਸਿੰਘ ਸਰਨਾ ਨੇ ਕਿਹਾ, “ਅਸੀਂ ਬਾਬਾ ਹਰਬੰਸ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਕੰਮ ਚੁੱਕਿਆ ਹੈ ਤੇ ਇਸ ਨੂੰ ਪੂਰਾ ਕਰਾਂਗੇ। ਸਮਾਗਮ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਗੁਰਮੀਤ ਸਿੰਘ ਸ਼ੰਟੀ ਵੀ ਮੌਜੂਦ ਸਨ। ਉਨ੍ਹਾਂ ਰਾਜਨੀਤੀ ਕਾਰਨ ਇਸ ਨੇਕ ਕੰਮ ਵਿਚ ਆਈ ਰੁਕਾਵਟ ਲਈ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਸਰਨਾ ਭਰਾ ਸੰਗਤ ਤੋਂ ਮੁਆਫ਼ੀ ਮੰਗਣ: ਕਰਤਾਰ ਸਿੰਘ ਕੋਛੜ
ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਪਹਿਲਾਂ ਸਰਨਾ ਭਰਾ ਦਿੱਲੀ ਦੀ ਸੰਗਤ ਤੋਂ ਮੁਆਫ਼ੀ ਮੰਗਣ ਕਿਉਂਕਿ ਉਨ੍ਹਾਂ ਵੱਲੋਂ ਬਣਾਏ ਗਏ ਗ਼ਲਤ ਨਿੱਜੀ ਟਰੱਸਟ ਕਾਰਨ ਹੀ ਇਹ ਹਸਪਤਾਲ ਬਣਨ ਵਿੱਚ ਵੱਡੀ ਰੁਕਾਵਟ ਆਈ। ਸ੍ਰੀ ਕੋਛੜ ਨੇ ਕਿਹਾ ਕਿ ਟਰੱਸਟ ਕਾਰਨ ਹੀ ਦਿੱਲੀ ਕਮੇਟੀ ਸਿਰ 1 ਕਰੋੜ 20 ਲੱਖ ਰੁਪਏ ਦਾ ਜੁਰਮਾਨਾ ਹੋਇਆ। ਸਰਨਾ ਭਰਾਵਾਂ ਨੇ ਇਹ ਜੁਰਮਾਨਾ ਕਮੇਟੀ ਦੇ ਖਜ਼ਾਨੇ ’ਚੋਂ ਅਦਾ ਕੀਤਾ ਜਦੋਂ ਕਿ ਉਨ੍ਹਾਂ ਨੂੰ ਪੱਲਿਓਂ ਦੇਣਾ ਚਾਹੀਦਾ ਸੀ ਕਿਉਂਕਿ ਪਹਿਲਾਂ ਟਰੱਸਟ (ਦਿੱਲੀ ਕਮੇਟੀ) ਹੋਣ ਕਰ ਕੇ ਟਰੱਸਟ ਅੰਦਰ ਟਰੱਸਟ ਬਣ ਹੀ ਨਹੀਂ ਸੀ ਸਕਦਾ। ਸ੍ਰੀ ਕੋਛੜ ਨੇ ਕਿਹਾ ਕਿ ਪਹਿਲਾਂ ਸਰਨਾ ਭਰਾ ਉਕਤ ਜੁਰਮਾਨੇ ਦੀ ਰਕਮ ਕਮੇਟੀ ਦੇ ਖਜ਼ਾਨੇ ਵਿੱਚ ਵਿਆਜ ਸਮੇਤ ਆਪਣੇ ਕੋਲੋਂ ਪਾਉਣ ਤੇ ਸੰਗਤ ਤੋਂ ਅਹਿਮ ਸਿਹਤ ਪ੍ਰਾਜੈਕਟ ਦੀ ਦੇਰੀ ਲਈ ਮੁਆਫ਼ੀ ਮੰਗਣ। ਜਨਰਲ ਸਕੱਤਰ ਨੇ ਕਿਹਾ ਕਿ ਹਸਪਤਾਲ ਦੇ ਮਾਮਲੇ ’ਚ ਮੁਕੱਦਮਾ ਕਿਸ ਆਗੂ ਖ਼ਿਲਾਫ਼ ਦਰਜ ਹੋਇਆ ਸੀ, ਉਸ ਦਾ ਖੁਲਾਸਾ ਵੀ ਉਹ ਖ਼ੁਦ ਹੀ ਸੰਗਤ ਸਾਹਮਣੇ ਕਰਨ।