ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਪਰੈਲ
‘ਦਿ ਕਸ਼ਮੀਰ ਫਾਈਲਜ਼’ ਦੀ ਸਫਲਤਾ ਤੋਂ ਬਾਅਦ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੀ ਫਿਲਮ ‘ਦਿ ਦਿੱਲੀ ਫਾਈਲਜ਼’ ’ਤੇ ਕੰਮ ਸ਼ੁਰੂ ਕਰਨਗੇ। ਨਿਰਦੇਸ਼ਕ ਵਿਵੇਕ ਅਗਨੀਹੋਤਰੀ ਵੱਲੋਂ ਆਪਣੇ ਆਉਣ ਵਾਲੇ ਪ੍ਰਾਜੈਕਟ ‘ਦਿ ਦਿੱਲੀ ਫਾਈਲਜ਼’ ਦੇ ਸ਼ੁਰੂ ਹੋਣ ਦਾ ਐਲਾਨ ਕਰਨ ਮਗਰੋਂ ਪੈਦਾ ਹੋਈ ਸਿਆਸੀ ਹਲਚਲ ਦੇ ਵਿਚਕਾਰ ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਫਿਲਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਬਣ ਰਹੀਆਂ ਹਨ। ਸਿਸੋਦੀਆ ਤੋਂ ਪ੍ਰੈੱਸ ਕਾਨਫਰੰਸ ਵਿੱਚ ਦਿ ਦਿੱਲੀ ਫਾਈਲਜ਼ ਦੀ ਘੋਸ਼ਣਾ ’ਤੇ ਉਨ੍ਹਾਂ ਦੀ ਪ੍ਰਤੀਕ੍ਰਿਆ ਬਾਰੇ ਪੁੱਛਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਬਣ ਰਹੀਆਂ ਹਨ ਤੇ ਇਸ ਕਦਮ ਦਾ ਸਵਾਗਤ ਵੀ ਕੀਤਾ ਜਾਂਦਾ ਹੈ। ਜਿ਼ਕਰਯੋਗ ਹੈ ਕਿ ਸਿਸੋਦੀਆ ਦੀ ਪ੍ਰਤੀਕਿਰਿਆ ‘ਆਪ’ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਰਦੇਸ਼ਕ ਦੀ ਪਿਛਲੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਉੱਤੇ ਕੀਤੀ ਗਈ ਟਿੱਪਣੀ ਦੇ ਉਲਟ ਆਈ ਹੈ। ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਵਿਧਾਨ ਸਭਾ ਵਿੱਚ ਬੋਲਦਿਆਂ ਕੇਜਰੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਭਗਵਾਂ ਪਾਰਟੀ ਦੇ ਨੇਤਾਵਾਂ ’ਤੇ ਫਿਲਮ ਨੂੰ ਪ੍ਰਮੋਟ ਕਰਨ ਦਾ ਦੋਸ਼ ਲਗਾਇਆ। ਵਿਵੇਕ ਅਗਨੀਹੋਤਰੀ ਨੇ ਕਿਹਾ ਕਿ ਜਿਸ ਫਿਲਮ ਦਾ ਉਸ ਨੇ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਇੱਕ ਮੋਸ਼ਨ ਪੋਸਟਰ ਨਾਲ ਐਲਾਨ ਕੀਤਾ ਸੀ, ਉਹ ‘ਦ ਤਾਸ਼ਕੰਦ ਫਾਈਲਜ਼’ ਤੇ ‘ਦਿ ਕਸ਼ਮੀਰ ਫਾਈਲਜ਼’ ਤੋਂ ਬਾਅਦ ਉਸ ਦੀ ਤਿਕੜੀ ਦਾ ਹਿੱਸਾ ਹੈ।
ਗੌਤਮ ਗੰਭੀਰ ਵੱਲੋਂ ਫ਼ਿਲਮ ਯੂਟਿਊਬ ’ਤੇ ਅਪਲੋਡ ਕਰਨ ਦੀ ਅਪੀਲ
ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਅਤੇ ਭਾਜਪਾ ਨੇਤਾ ਗੌਤਮ ਗੰਭੀਰ ਨੇ ਫਿਲਮ ਦਾ ਸਵਾਗਤ ਕੀਤਾ ਹੈ ਤੇ ਫਿਲਮ ਨੂੰ ਯੂਟਿਊਬ ’ਤੇ ਉਪਲਬਧ ਕਰਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਚੁਟਕੀ ਲਈ ਹੈ। ਟਵਿੱਟਰ ’ਤੇ ਲੈ ਕੇ ਗੌਤਮ ਗੰਭੀਰ ਨੇ ਲਿਖਿਆ ਕਿ ਦਿੱਲੀ ਵਿੱਚ ਬੇਕਸੂਰ ਲੋਕਾਂ ਦੇ ਅੱਤਿਆਚਾਰ ਤੇ ਘਿਨਾਉਣੇ ਕਤਲਾਂ ਨੂੰ ਹੁਣ ਦਿਨ ਦੀ ਰੌਸ਼ਨੀ ਦਿਖਾਈ ਦੇਵੇਗੀ। ਆਓ, ਦੇਖੀਏ ਕਿ ਕੀ ‘ਮਿਸਟਰ ਈਮਾਨਦਾਰ’ ਯੂਟਿਊਬ ’ਤੇ ਵੀ ਇਹ ਚਾਹੁੰਦਾ ਹੈ। ਗੰਭੀਰ ਦਾ ਇਹ ਬਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਰਦੇਸ਼ਕ ਦੀ ਪਿਛਲੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ’ਤੇ ਟਿੱਪਣੀ ਤੋਂ ਬਾਅਦ ਆਇਆ ਹੈ, ਜਿੱਥੇ ਉਨ੍ਹਾਂ ਨੇ ਭਾਜਪਾ ’ਤੇ ਫ਼ਿਲਮ ਨੂੰ ਪ੍ਰਮੋਟ ਕਰਨ ਦਾ ਦੋਸ਼ ਲਗਾਇਆ ਸੀ ਤੇ ਫਿਲਮ ਦੇ ਨਿਰਦੇਸ਼ਕ ਅਗਨੀਹੋਤਰੀ ਨੂੰ ਇਸ ਨੂੰ ਪੂਰੀ ਤਰ੍ਹਾਂ ਮੁਫਤ ਬਣਾਉਣ ਲਈ ਯੂਟਿਊਬ ’ਤੇ ਅਪਲੋਡ ਕਰਨ ਲਈ ਕਿਹਾ ਸੀ।
ਸਿਰਸਾ ਵੱਲੋਂ ਵਿਵੇਕ ਅਗਨੀਹੋਤਰੀ ਦਾ ਧੰਨਵਾਦ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਕਤਲੇਆਮ ’ਤੇ ਫਿਲਮ ਬਣਾਉਣ ਦੇ ਐਲਾਨ ’ਤੇ ਉੱਘੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦਾ ਧੰਨਵਾਦ ਕੀਤਾ ਹੈ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਇਹ ਫ਼ਿਲਮ ਜਲਦੀ ਬਣਾਉਣ ਤਾਂ ਜੋ ਲੋਕਾਂ ਨੂੰ ਸਿੱਖਾਂ ’ਤੇ ਹੋਏ ਜ਼ੁਲਮਾਂ ਤੇ ਅੱਤਿਆਚਾਰ ਦਾ ਛੇਤੀ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਵਿਵੇਕ ਅਗਨੀਹੋਤਰੀ ਇਸ ਪ੍ਰਾਜੈਕਟ ’ਤੇ ਜਲਦੀ ਕੰਮ ਕਰਕੇ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਣ। ਸ੍ਰੀ ਸਿਰਸਾ ਨੇ ਕਿਹਾ ਕਿ ਉਹ ਇਸ ਐਲਾਨ ਦਾ ਸਵਾਗਤ ਕਰਦੇ ਹਨ ਜਿਸ ਲਈ ਉਨ੍ਹਾਂ ਨੇ ਵੀ ਸ੍ਰੀ ਵਿਵੇਕ ਅਗਨੀਹੋਤਰੀ ਨੂੰ ਬੇਨਤੀ ਕੀਤੀ ਸੀ ਕਿ 1984 ਦੇ ਸਿੱਖ ਕਤਲੇਆਮ ’ਤੇ ਵੀ ਫਿਲਮ ਬਣਾਈ ਜਾਵੇ।