ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਮਾਰਚ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਪ੍ਰਗਤੀ ਮੈਦਾਨ ਸੁਰੰਗ ਪ੍ਰਾਜੈਕਟ ਅਤੇ ਸੜਕੀ ਲਾਂਘੇ ਵਾਲੀ ਥਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਨੂੰ ਇੱਕ ਮਹੀਨੇ ਦੇ ਅੰਦਰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਸ੍ਰੀ ਸਿਸੋਦੀਆ ਨੇ ਟਵਿੱਟਰ ਉਤੇ ਭੈਰੋਂ ਮਾਰਗ, ਰਿੰਗ ਰੋਡ, ਮਥੁਰਾ ਰੋਡ, ਪ੍ਰਗਤੀ ਮੈਦਾਨ ਸੁਰੰਗ ਅਤੇ ਅੰਡਰਪਾਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸਿਸੋਦੀਆ ਨੇ ਇੱਕ ਟਵੀਟ ਵਿੱਚ ਕਿਹਾ, ‘‘ਮੈਂ ਪ੍ਰਗਤੀ ਮੈਦਾਨ, ਭੈਰੋਂ ਮਾਰਗ, ਮਥੁਰਾ ਰੋਡ ਤੇ ਰਿੰਗ ਰੋਡ ਦੇ ਆਲੇ-ਦੁਆਲੇ, ਹੇਠਾਂ ਸੜਕਾਂ ਅਤੇ ਸੁਰੰਗ ਦੇ ਨਿਰਮਾਣ ਦੀ ਸਮੀਖਿਆ ਕੀਤੀ। ਇਸ ਕੋਰੀਡੋਰ ਨਾਲ ਛੇਤੀ ਹੀ ਰਿੰਗ ਰੋਡ ਅਤੇ ਇੰਡੀਆ ਗੇਟ ਦੇ ਆਲੇ-ਦੁਆਲੇ ਆਵਾਜਾਈ ਨੂੰ ਸੌਖਾ ਬਣਾਇਆ ਜਾਵੇਗਾ। ਪ੍ਰਾਜੈਕਟ ਦਾ ਕੰਮ ਲਗਪਗ ਪੂਰਾ ਹੋ ਗਿਆ ਹੈ ਅਤੇ ਇਸ ਕੋਰੀਡੋਰ ਨੂੰ ਇੱਕ ਮਹੀਨੇ ਵਿੱਚ ਖੋਲ੍ਹਿਆ ਜਾਵੇਗਾ।’’ ਤਸਵੀਰਾਂ ‘ਚ ਉਸਾਰੀ ਕਾਰਜ, ਸੁਰੰਗ ਅਤੇ ਅੰਡਰਪਾਸ ਦੀਆਂ ਕੰਧਾਂ ‘ਤੇ ਚਿੱਤਰਕਾਰੀ ਵੀ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਲੋਕ ਨਿਰਮਾਣ ਵਿਭਾਗ ਦੇ ਇੰਚਾਰਜ ਵੀ ਹਨ। ਇਸ ਦੇ ਮਹੀਨੇ ਸ਼ੁਰੂ ਉਨ੍ਹਾਂ ਨੇ ਪ੍ਰਾਜੈਕਟ ਸਬੰਧੀ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵੀ ਬੁਲਾਈ ਸੀ ਤੇ ਅਧਿਕਾਰੀਆਂ ਨੂੰ ਨਿਰਮਾਣ ਕੰਮ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਸੀ ਕਿ ਇਸ ਕੋਰੀਡੋਰ ਨੂੰ ਮਈ ਤੱਕ ਖੋਲ੍ਹ ਦਿੱਤਾ ਜਾਵੇਗਾ। ਪ੍ਰਾਜੈਕਟ ਤਹਿਤ ਲੋਕ ਨਿਰਮਾਣ ਵਿਭਾਗ 777 ਕਰੋੜ ਦੀ ਲਾਗਤ ਨਾਲ 1.2 ਕਿਲੋਮੀਟਰ ਲੰਬੀ ਸੁਰੰਗ ਅਤੇ ਛੇ ਅੰਡਰਪਾਸ ਬਣਾ ਰਿਹਾ ਹੈ। ਸੁਰੰਗ ਦੀ ਉਸਾਰੀ ਦਾ ਕੰਮ ਮਾਰਚ 2018 ਵਿੱਚ ਸ਼ੁਰੂ ਕੀਤਾ ਗਿਆ ਸੀ।