ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਅੱਜ ਟਿਕਰੀ ਮੋਰਚੇ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਦ ਵੱਲ ਮਾਰਚ ਮੁਲਤਵੀ ਕਰਨ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਮੋਦੀ ਸਰਕਾਰ ਦਿੱਲੀ ਮੋਰਚਿਆਂ ’ਤੇ ਜਬਰ ਢਾਹੁਣ ਤੇ ਇਨ੍ਹਾਂ ਨੂੰ ਉਖੇੜਨ ਲਈ ਕੋਈ ਨਾ ਕੋਈ ਬਹਾਨਾ ਤਲਾਸ਼ ਰਹੀ ਹੈ। ਇਹ ਬਹਾਨਾ ਕਰੋਨਾ ਬਿਮਾਰੀ ਦੇ ਫ਼ੈਲਣ ਦਾ ਵੀ ਹੋ ਸਕਦਾ ਹੈ ਤੇ ਇਹ ਬਹਾਨਾ ਕਿਸੇ ਐਕਸ਼ਨ ਨੂੰ ਹਿੰਸਕ ਰੰਗਤ ਦੇਣ ਰਾਹੀਂ ਵੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਦੋਖੀ ਸਾਜਿਸ਼ਾਂ ਰਚਣ ਦੀ ਵਿਸ਼ੇਸ਼ ਮੁਹਾਰਤ ਰੱਖਦੀ ਮੋਦੀ ਸਰਕਾਰ ਆਪਣੇ ਏਜੰਟਾਂ ਰਾਹੀਂ ਮਾਰਚ ਅੰਦਰ ਘੁਸਪੈਠ ਕਰਕੇ ਹਿੰਸਕ ਟਕਰਾਅ ਦਾ ਮਾਹੌਲ ਪੈਦਾ ਕਰ ਸਕਦੀ ਹੈ ਤੇ ਇਸ ਬਹਾਨੇ ਮੋਰਚਿਆਂ ’ਤੇ ਮੋੜਵਾਂ ਜਾਬਰ ਹੱਲਾ ਬੋਲ ਸਕਦੀ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਿਸੇ ਵੀ ਅਜਿਹੀ ਕਿਸਮ ਦੇ ਐਕਸ਼ਨ ਤੋਂ ਪਰਹੇਜ਼ ਕਰ ਰਹੇ ਹਨ, ਜਿਸ ਵਿੱਚ ਭਾਜਪਾ ਦੇ ਹੱਥਾਂ ਵਿੱਚ ਖੇਡਣ ਵਾਲੀਆਂ ਸੰਘਰਸ਼ ਵਿਰੋਧੀ ਤਾਕਤਾਂ ਘੁਸਪੈਠ ਕਰ ਸਕਣ ਤੇ ਉਸ ਐਕਸ਼ਨ ਨੂੰ ਸਰਕਾਰ ਮਨ ਚਾਹੇ ਢੰਗ ਨਾਲ ਆਪਣੇ ਫਾਸ਼ੀ ਮਨਸੂਬਿਆਂ ਲਈ ਵਰਤ ਸਕੇ।
ਕਿਸਾਨ ਆਗੂ ਨੇ ਕਿਹਾ ਕਿ 26 ਜਨਵਰੀ ਦੀਆਂ ਘਟਨਾਵਾਂ ਵੀ ਕੇਂਦਰੀ ਹਕੂਮਤ ਦੀ ਅਜਿਹੀ ਹੀ ਸਾਜਿਸ਼ ਸੀ ਤੇ ਅਜਿਹੀ ਸਾਜਿਸ਼ ਦੁਬਾਰਾ ਦੁਹਰਾਏ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। 26 ਜਨਵਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਸੰਘਰਸ਼ ਵਿਰੋਧੀ ਤਾਕਤਾਂ ਦੇ ਹੱਥਾਂ ’ਚ ਖੇਡ ਰਹੇ ਕੁਝ ਅਨਸਰਾਂ ਵੱਲੋਂ ਬੀਤੇ ਦਿਨ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਘੇਰ ਕੇ ਮੰਦਾ ਵਿਵਹਾਰ ਕਰਨ ਅਤੇ ਸੰਸਦ ਵੱਲ ਮਾਰਚ ਦੀ ਤਰੀਕ ਐਲਾਨਣ ਦਾ ਦਬਾਅ ਪਾਉਣ ਦੀ ਕਾਰਵਾਈ ਅਜਿਹੇ ਮਨਸੂਬਿਆਂ ਨੂੰ ਹੀ ਜ਼ਾਹਰ ਕਰਦੀ ਹੈ ਕਿ ਉਹ ਤਾਕਤਾਂ ਮੁੜ ਸੰਸਦ ਮਾਰਚ ਰਾਹੀਂ 26 ਜਨਵਰੀ ਵਰਗੀਆਂ ਘਟਨਾਵਾਂ ਦੁਹਰਾਉਣਾ ਚਾਹੁੰਦੀਆਂ ਹਨ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਵੇਲੇ ਉਨ੍ਹਾਂ ਦਾ ਸਾਰਾ ਧਿਆਨ ਦਿੱਲੀ ਮੋਰਚਿਆਂ ਦੀ ਰਾਖੀ ’ਤੇ ਕੇਂਦਰਿਤ ਹੈ, ਜਿਸ ਨੂੰ ਸਰਕਾਰ ਕਰੋਨਾ ਸੰਕਟ ਦੀ ਆੜ ਹੇਠ ਉਖੇੜਨਾ ਚਾਹੁੰਦੀ ਹੈ। ਉਗਰਾਹਾਂ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਦੌਰਾਨ ਵੀ ਵੱਧ ਤੋਂ ਵੱਧ ਗਿਣਤੀ ’ਚ ਦਿੱਲੀ ਪਹੁੰਚਣ, ਚੌਕਸੀ ਬਰਕਰਾਰ ਰੱਖਣ, ਆਪੋ-ਆਪਣੇ ਪਿੰਡਾਂ ਤੇ ਖੇਤਾਂ ਵਿੱਚ ਕੰਮ-ਕਾਰ ਕਰਦਿਆਂ ਵੀ ਮੋਰਚੇ ਨਾਲ ਨੇੜਲੇ ਸਰੋਕਾਰ ਬਣਾਈ ਰੱਖਣ ਅਤੇ ਕਿਸੇ ਵੀ ਸੱਦੇ ’ਤੇ ਝੱਟ-ਪੱਟ ਦਿੱਲੀ ਪਹੁੰਚਣ ਲਈ ਤਿਆਰੀਆਂ ਖਿੱਚ ਕੇ ਰੱਖਣ ਦਾ ਸੱਦਾ ਦਿੱਤਾ।
ਇਸੇ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਜਥੇਬੰਦੀਆਂ ਦੀ ਸਮਝ ਮੁਤਾਬਕ ਹਾਲੇ ਕੁਝ ਸਮਾਂ ਕਾਲੇ ਕਾਨੂੰਨਾਂ ਖ਼ਿਲਾਫ਼ ਲੜਾਈ ਦੌਰਾਨ ਸਿੱਧੀ ਟੱਕਰ ਲੈਣ ਵਾਲੀ ਸਿਫਾਰਸ਼ ਸਰਕਾਰ ਨੂੰ ਸੰਘਰਸ਼ ਕੁਚਲਣ ਦਾ ਮੌਕਾ ਦੇਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸ਼ਾਤਮਈ ਸੰਘਰਸ਼ ਹੀ ਸਮੇਂ ਦੀ ਲੋੜ ਹੈ।
ਆਗੂ ਨੇ ਕਿਹਾ ਕਿ ਸਰਕਾਰ ਸ਼ਾਤਮਈ ਅੰਦੋਲਨ ਨੂੰ ਖਦੇੜਨ ਦੇ ਬਹਾਨੇ ਲੱਭ ਰਹੀ ਹੈ, ਜਿਸ ਦਾ ਸਾਹਮਣਾ ਸੂਝ-ਬੂਝ ਨਾਲ ਹੀ ਕਰਨਾ ਪਵੇਗਾ। ਅੱਜ ਦੀ ਸਟੇਜ ਤੋਂ ਗੁਰਭਿੰਦਰ ਸਿੰਘ ਕੋਕਰੀਕਲਾਂ, ਮਨਜੀਤ ਸਿੰਘ ਘਰਾਚੋਂ, ਗੁਰਪ੍ਰੀਤ ਸਿੰਘ ਨੂਰਪੁਰਾ ਅਤੇ ਬਲਦੇਵ ਸਿੰਘ ਬਡਬਰ ਨੇ ਵੀ ਸੰਬੋਧਨ ਕੀਤਾ।