ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਨਵੰਬਰ
ਦਿੱਲੀ ਤੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਦੇ ਇਲਾਕਿਆਂ ਵਿੱਚ ਅੱਜ ਵੀ ਹਵਾ ਵਿੱਚ ਗੰਧਲਾਪਣ ਦੇਖਿਆ ਗਿਆ ਤੇ ਅਸਮਾਨ ਉਪਰ ਪ੍ਰਦੂਸ਼ਣ ਦੀ ਚਾਦਰ ਪਸਰੀ ਰਹੀ। ਦਿੱਲੀ ਵਿੱਚ ਦੁਪਹਿਰ 2 ਵਜੇ ਹਵਾ ਸ਼ੁੱਧਤਾ ਸੂਚਕ ਅੰਕ (ਏਕਿਊਆਈ) 407 ਦਰਜ ਕੀਤਾ ਗਿਆ ਜਿਸ ਨੂੰ ‘ਗੰਭੀਰ’ ਵਰਗ ਵਿੱਚ ਗਿਣਿਆ ਜਾਂਦਾ ਹੈ। ਬੀਤੇ ਦਿਨ ਏਕਿਊਆਈ 372 ਸੀ। ਦਿੱਲੀ ਦੇ ਨਾਲ ਲੱਗਦੇ ਸ਼ਹਿਰਾਂ ਗਾਜ਼ੀਆਬਾਦ ਵਿੱਚ 455, ਗ੍ਰੇਟਰ ਨੋਇਡਾ ਵਿੱਚ 407, ਨੋਇਡਾ ਵਿੱਚ 429 ਦਰਜ ਕੀਤਾ ਗਿਆ। ਦਿੱਲੀ ਦੇ 39 ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ਵਿੱਚੋਂ 33 ਕੇਂਦਰਾਂ ਤੋਂ ਹਵਾ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਹੋਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਭਾਰਤੀ ਮੌਸਮ ਮਹਿਕਮੇ ਦੇ ਇੱਕ ਅਧਿਕਾਰੀ ਮੁਤਾਬਕ ਧੁੰਦ ਤੇ ਘੱਟ ਤਾਪਮਾਨ ਕਾਰਨ ਧਰਤੀ ਨੇੜੇ ਹਵਾ ਪ੍ਰਦੂਸ਼ਣ ਕਰਨ ਵਾਲੇ ਕਣ ਖੜ੍ਹ ਗਏ ਤੇ ਹਵਾਵਾਂ ਵਿੱਚ ਤੇਜ਼ੀ ਨਾ ਹੋਣ ਕਰਕੇ ਵੀ ਸਥਿਤੀ ਸਥਿਰ ਹੋ ਗਈ ਕਿਉਂਕਿ ਹਵਾ ਵਿੱਚ ਹਲਚਲ ਨਾ ਦੇ ਬਰਾਬਰ ਸੀ। ਇੱਥੋਂ ਤੱਕ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਸਫ਼ਦਰਜੰਗ ਹਵਾਈ ਅੱਡੇ ’ਤੇ ਪਾਰਦਰਸ਼ਤਾ ਦਾ ਪੱਧਰ ਵੀ 600-800 ਮੀਟਰ ਤੱਕ ਘੱਟ ਗਿਆ। ਅਧਿਕਾਰੀਆਂ ਮੁਤਾਬਕ ਇਹ ਹਾਲਤ ਦੋ ਦਿਨ ਤੱਕ ਹੋਰ ਰਹਿ ਸਕਦੇ ਹਨ।
ਫਰੀਦਾਬਾਦ (ਪੱਤਰ ਪ੍ਰੇਰਕ): ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ ਤੇ ਗੁਰੂਗਰਾਮ ਵਿੱਚ ਹਵਾ ਪ੍ਰਦੂਸ਼ਣ ਅਸਮਾਨ ਉਪਰ ਛਾਏ ਰਹਿਣ ਕਰਕੇ ਸੂਰਜ ਦੇ ਦਰਸ਼ਨ ਦੁਰਲੱਭ ਹੋ ਗਏ। ਇੱਥੋਂ ਦੇ ਸੈਕਟਰ-30 ਵਿੱਚ ਏਕਿਊਆਈ 405, ਸੈਕਟਰ-16ਏ ਵਿੱਚ 417 ਤੇ ਸਨਅਤੀ ਸੈਕਟਰ ਵਿੱਚ 400 ਦਰਜ ਕੀਤਾ ਗਿਆ। ਸੈਕਟਰ-11 ਵਿੱਚ 474 ਤੇ ਬੱਲਭਗੜ੍ਹ ਦੀ ਨੱਥੂ ਕਲੋਨੀ ਵਿੱਚ 439 ਦਰਜ ਕੀਤਾ ਗਿਆ। ਗੁਰੂਗਰਾਮ ਦੇ ਸੈਕਟਰ-51 ਵਿੱਚ 405 ਤੇ ਸੈਕਟਰ-2 (ਆਈਐਮਟੀ-ਮਾਨੇਸਰ) ਵਿੱਚ 401 ਦਰਜ ਕੀਤਾ ਗਿਆ। ਗਵਾਲ ਪਹਾੜੀ ਉਪਰ 352 ਮਾਪਿਆ ਗਿਆ।
ਗੋਪਾਲ ਰਾਏ ਨੇ ਕੇਂਦਰੀ ਵਾਤਾਵਰਣ ਮੰਤਰੀ ਨੂੰ ਪੱਤਰ ਲਿਖਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਆਪਣੇ ਕੇਂਦਰੀ ਹਮਰੁਤਬਾ ਭੁਪੇਂਦਰ ਯਾਦਵ ਨੂੰ ਇੱਕ ਹੋਰ ਪੱਤਰ ਲਿਖ ਕੇ ਪਰਾਲੀ ਸਾੜਨ ਦੇ ਮੁੱਦੇ ’ਤੇ ਚਰਚਾ ਕਰਨ ਲਈ ਐਨਸੀਆਰ ਦੇ ਸਾਰੇ ਰਾਜਾਂ ਨਾਲ ਹੰਗਾਮੀ ਮੀਟਿੰਗ ਬੁਲਾਉਣ ਲਈ ਕਿਹਾ ਹੈ। ਰਾਏ ਨੇ ਇਸ ਨਵੇਂ ਪੱਤਰ ਵਿੱਚ ਲਿਖਿਆ ਕਿ ਕੇਂਦਰ ਸਰਕਾਰ ਦੇ ਦਖ਼ਲ ਦੀ ਲੋੜ ਹੈ ਕਿਉਂਕਿ ਗੁਆਂਢੀ ਰਾਜਾਂ ਦੀ ਪਰਾਲੀ ਕਾਰਨ ਦਿੱਲੀ ਦੀ ਹਵਾ ਬਹੁਤ ਪ੍ਰਭਾਵਿਤ ਹੋ ਰਹੀ ਹੈ। ਇਸ ਸਬੰਧ ਵਿਚ ਰਾਏ ਦੀ 7 ਨਵੰਬਰ ਦੀ ਪਹਿਲੀ ਚਿੱਠੀ ਲਿਖੀ ਸੀ।