ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਦਿੱਲੀ ਵਿੱਚ ਲੌਕਡਾਊਨ ਹਟਦੇ ਹੀ ਪ੍ਰਦੂਸ਼ਣ ਵਿੱਚ ਵਾਧਾ ਹੋਣ ਲੱਗਾ ਹੈ। ਬੀਤੇ 15 ਦਿਨਾਂ ਤੋਂ ਦਰਮਿਆਨੇ ਵਰਗ ਵਿੱਚ ਸ਼ਾਮਲ ਹਵਾ ਗੁਣਵੱਤਾ ਹੁਣ ਮਾੜੀ ਸ਼੍ਰੇਣੀ ਵਿੱਚ ਦਾਖ਼ਲ ਹੋ ਗਈ ਹੈ। ਸੋਮਵਾਰ ਨੂੰ ਲੌਕਡਾਊਨ ਖੁੱਲ੍ਹਦੇ ਹੀ ਪ੍ਰਦੂਸ਼ਣ ਵਿੱਚ ਕੁਝ ਵਾਧਾ ਦਰਜ ਕੀਤਾ ਗਿਆ ਪਰ ਮੰਗਲਵਾਰ ਨੂੰ ਸੜਕਾਂ ਉਪਰ ਹੋਰ ਵਾਹਨਾਂ ਦੀ ਗਿਣਤੀ ਵਧਦੇ ਹੀ ਪ੍ਰਦੂਸ਼ਣ ਦਾ ਪੱਧਰ ਹੋਰ ਵੱਧ ਗਿਆ। ਅਗਲੇ ਦੋਨਾਂ ਦਿਨਾਂ ਦੌਰਾਨ ਇਸ ਦੇ ਸੁਧਾਰ ਦੀ ਸੰਭਾਵਨਾ ਨਹੀਂ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੁਆਰਾ ਜਾਰੀ ਏਅਰ ਕੁਆਲਟੀ ਇੰਡੈਕਸ ਅਨੁਸਾਰ ਮੰਗਲਵਾਰ ਨੂੰ ਦਿੱਲੀ ਦਾ ਏਅਰ ਇੰਡੈਕਸ 205 ਰਿਕਾਰਡ ਕੀਤਾ ਗਿਆ। ਫਰੀਦਾਬਾਦ ਦਾ ਏਅਰ ਇੰਡੈਕਸ 242, ਗਾਜ਼ੀਆਬਾਦ 228, ਗ੍ਰੇਟਰ ਨੋਇਡਾ 245, ਗੁਰੂਗ੍ਰਾਮ 155 ਤੇ ਨੋਇਡਾ 223 ਦਰਜ ਕੀਤਾ ਗਿਆ।