ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਫਰਵਰੀ
ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੀ ਭਿਣਕ ਪੈਂਦਿਆਂ ਹੀ ਦਿੱਲੀ ਦੀਆਂ ਸਿਆਸੀ ਧਿਰਾਂ ਵੱਲੋਂ ਨਗਰ ਨਿਗਮ ਚੋਣਾਂ-2022 ਦੀ ਤਿਆਰੀ ਖਿੱਚ ਲਈਆਂ ਗਈਆਂ ਹਨ। ਸੱਤਾਧਾਰੀ ਭਾਜਪਾ, ਵਿਰੋਧੀ ਧਿਰ ‘ਆਪ’ ਤੇ ਕਾਂਗਰਸ ਸਮੇਤ ਜਨਤਾ ਦਲ (ਯੂ) ਸਮੇਤ ਅਕਾਲੀਆਂ ਵੱਲੋਂ ਰਣਨੀਤੀ ਬਣਾਈ ਜਾ ਰਹੀ ਹੈ। ਨਿਗਮ ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਆਪਣੀਆਂ ਸਿਆਸੀ ਧਿਰਾਂ ਦੇ ਸੀਨੀਅਰ ਆਗੂਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਮੌਜੂਦਾ ਕੌਂਸਲਰਾਂ ਵੱਲੋਂ ਵੀ ਵਾਰਡਾਂ ਵਿੱਚ ਦੌਰਿਆਂ ਦਾ ਦੌਰ ਜਾਰੀ ਹੈ। ਦਿੱਲੀ ਰਾਜ ਚੋਣ ਕਮਿਸ਼ਨ ਨੇ ਤਿੰਨਾਂ ਨਗਰ ਨਿਗਮਾਂ ਲਈ ਤਿਆਰੀਆਂ ਜ਼ੋਰਾਂ ’ਤੇ ਸ਼ੁਰੂ ਕਰ ਦਿੱਤੀਆਂ ਹਨ। ਤਿੰਨਾਂ ਨਗਰ ਨਿਗਮਾਂ ਦੀਆਂ ਚੋਣਾਂ ਅਪਰੈਲ ਦੇ ਤੀਜੇ ਹਫ਼ਤੇ ਹੋਣਗੀਆਂ। ਹਾਲਾਂਕਿ ਚੋਣਾਂ ਦੀ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਰਾਜ ਚੋਣ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨਗਰ ਨਿਗਮਾਂ ਦੀਆਂ ਚੋਣਾਂ 15 ਅਪਰੈਲ ਨੂੰ ਹੋਣ ਦੀ ਸੰਭਾਵਨਾ ਹੈ। ਵੋਟਰ ਤੇ ਰਾਜਸੀ ਪਾਰਟੀਆਂ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਸਥਾਨਕ ਚੋਣ ਅਧਿਕਾਰੀ ਦੇ ਦਫ਼ਤਰ ਵਿੱਚ ਜਾ ਕੇ ਡਰਾਫਟ ਸੂਚੀ ਦੇਖ ਸਕਣਗੇ। ਜੇ ਇਸ ਵਿੱਚ ਕੋਈ ਨੁਕਸ ਹੈ ਤਾਂ ਛੇ ਦਿਨਾਂ ਵਿੱਚ ਸੋਧ ਲਈ ਇਤਰਾਜ਼ ਦਾਇਰ ਕਰ ਸਕਣਗੇ। ਇਸ ਸੋਧ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ 8 ਮਾਰਚ ਨੂੰ ਸਾਰੇ ਵਾਰਡਾਂ ਦੇ ਪੋਲਿੰਗ ਬੂਥਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ। ਚੋਣਾਂ ਦੇ ਨਤੀਜੇ ਵੀ 20 ਅਪਰੈਲ ਤੱਕ ਆਉਣ ਦੀ ਸੰਭਾਵਨਾ ਹੈ। 2017 ਦੀਆਂ ਮਿਉਂਸਪਲ ਚੋਣਾਂ ਵਿੱਚ ਲਗਪਗ 13,000 ਪੋਲਿੰਗ ਬੂਥ ਬਣਾਏ ਗਏ ਸਨ। ਇਸ ਵਾਰ ਕਰੋਨਾ ਦੇ ਮੱਦੇਨਜ਼ਰ ਕਰੀਬ 18 ਹਜ਼ਾਰ ਪੋਲਿੰਗ ਬੂਥ ਬਣਾਏ ਜਾਣਗੇ। ਇੱਕ ਪੋਲਿੰਗ ਬੂਥ ਵਿੱਚ ਵੱਧ ਤੋਂ ਵੱਧ 1250 ਵੋਟਰ ਹੋਣਗੇ। ਵੋਟਰਾਂ ਦੇ ਘਰ ਤੋਂ ਵੱਧ ਤੋਂ ਵੱਧ ਦੋ ਕਿਲੋਮੀਟਰ ਦੇ ਘੇਰੇ ਵਿੱਚ ਬੂਥ ਬਣਾਏ ਜਾਣਗੇ। 2017 ਦੀਆਂ ਨਿਗਮ ਚੋਣਾਂ ਵਿੱਚ ਇੱਕ ਕਰੋੜ 33 ਲੱਖ 25 ਹਜ਼ਾਰ 489 ਵੋਟਰ ਸਨ, ਜੋ ਪਿਛਲੀਆਂ ਨਿਗਮ ਚੋਣਾਂ ਨਾਲੋਂ 15 ਲੱਖ 73 ਹਜ਼ਾਰ 670 ਵੱਧ ਵੋਟਰ ਸਨ। ਇਸ ਵਾਰ ਇੱਕ ਕਰੋੜ 48 ਲੱਖ 99 ਹਜ਼ਾਰ 159 ਵੋਟਰ ਹੋਣਗੇ। ਪੰਜ ਸਾਲਾਂ ਵਿੱਚ 15 ਲੱਖ 73 ਹਜ਼ਾਰ 670 ਵੋਟਰ ਵਧੇ ਹਨ। ਨੌਜਵਾਨ ਵੋਟਰ ਅਹਿਮ ਭੂਮਿਕਾ ਨਿਭਾਉਣਗੇ। ਹੈ।