ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜਨਵਰੀ
ਦਿੱਲੀ ਪੁਲੀਸ ਨੇ ਦਾਅਵਾ ਕੀਤਾ ਕਿ ਖੁਫ਼ੀਆ ਵਿਭਾਗ ਨੇ ਗਾਜ਼ੀਪੁਰ ਫੁੱਲ ਮੰਡੀ ਵਿੱਚ ਵਿਸਫੋਟਕਾਂ ਦੀ ਸੰਭਾਵਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਦਿੱਲੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੂਰਬੀ ਦਿੱਲੀ ਦੇ ਗਾਜ਼ੀਪੁਰ ਫੁੱਲ ਬਾਜ਼ਾਰ ਵਿੱਚ ਬਰਾਮਦ ਕੀਤੇ ਗਏ ਵਿਸਫੋਟਕਾਂ ਬਾਰੇ ਕੋਈ ਖਾਸ ਖੁਫੀਆ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸੁਤੰਤਰਤਾ ਦਿਵਸ ਜਾਂ ਗਣਤੰਤਰ ਦਿਵਸ ਵਰਗੇ ਕਿਸੇ ਵੀ ਪ੍ਰਮੁੱਖ ਦਿਨ ਤੋਂ ਪਹਿਲਾਂ ਖੁਫੀਆ ਏਜੰਸੀਆਂ ਨਿਯਮਤ ਤੌਰ ’ਤੇ ਅਤਿਵਾਦੀ ਅਲਰਟ ਜਾਰੀ ਕਰਦੀਆਂ ਹਨ ਤੇ ਵਿਆਪਕ ਗਸ਼ਤ ਕਰਨ ਅਤੇ ਹੋਰ ਸੁਰੱਖਿਆ ਉਪਾਵਾਂ ਦੀ ਤਿਆਰੀ ਦੀ ਸਲਾਹ ਦਿੰਦੀਆਂ ਹਨ ਪਰ ਇਸ ਵਾਰ ਦਿੱਲੀ ਪੂਰਬ ਦੇ ਗਾਜ਼ੀਪੁਰ ਖੇਤਰ ਵਿੱਚ ਕਿਸੇ ਵੀ ਅਤਿਵਾਦੀ ਸਾਜ਼ਿਸ਼ ਨੂੰ ਲੈ ਕੇ ਕੋਈ ਖਾਸ ਅਲਰਟ ਨਹੀਂ ਸੀ। ਉਨ੍ਹਾਂ ਕਿਹਾ ਕਿ ਵਿਸਫੋਟਕ ਦੀ ਪਛਾਣ ਸਬੰਧੀ ਫੋਰੈਂਸਿਕ ਰਿਪੋਰਟ ਦਾ ਇੰਤਜ਼ਾਰ ਹੈ ਤਾਂ ਜੋ ਇਹ ਗੱਲ ਸਾਫ਼ ਹੋ ਸਕੇ ਕਿ ਇਹ ਸ਼ਰਾਰਤੀ ਕਾਰਵਾਈ ਸੀ ਜਾਂ ਇਸ ਦੇ ਪਿੱਛੇ ਅਤਿਵਾਦੀਆਂ ਦਾ ਹੱਥ ਹੈ।
ਖੁਫੀਆ ਏਜੰਸੀਆਂ ਇਹ ਵੀ ਦੇਖ ਰਹੀਆਂ ਹਨ ਕਿ ਕੀ ਪੰਜਾਬ ਤੋਂ ਬਰਾਮਦ ਹੋਏ ਆਈਈਡੀ ਦਾ ਦਿੱਲੀ ਤੋਂ ਬਰਾਮਦ ਹੋਏ ਵਿਸਫੋਟਕਾਂ ਨਾਲ ਕੋਈ ਸਬੰਧ ਹੈ ਕਿਉਂਕਿ ਦੋਵਾਂ ਮਾਮਲਿਆਂ ਵਿੱਚ ਆਰਡੀਐਕਸ ਮੌਜੂਦ ਹੈ। ਸ਼ੱਕ ਹੈ ਕਿ ਗਾਜ਼ੀਪੁਰ ਤੋਂ ਬਰਾਮਦ ਵਿਸਫੋਟਕ ਪੰਜਾਬ ਤੋਂ ਲਿਆਂਦਾ ਗਿਆ ਸੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਫੋਰੈਂਸਿਕ ਟੀਮਾਂ ਨੇ ਮਾਮਲੇ ਵਿੱਚ ਹੋਰ ਜਾਣਕਾਰੀ ਲਈ ਗਾਜ਼ੀਪੁਰ ਮਾਰਕੀਟ ਖੇਤਰ ਤੋਂ ਨਮੂਨੇ ਵੀ ਇਕੱਠੇ ਕੀਤੇ ਹਨ। ਦਿੱਲੀ ਪੁਲੀਸ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਜਨਤਕ ਸਥਾਨਾਂ ’ਤੇ ਲਗਾਏ ਗਏ ਸੀਸੀਟੀਵੀ ਕੰਮ ਕਰਨ ਦੀ ਸਥਿਤੀ ਵਿੱਚ ਹਨ।
ਹਾਲਾਂਕਿ ਖੁਫੀਆ ਏਜੰਸੀਆਂ ਨੇ ਸੰਭਾਵਿਤ ਅਤਿਵਾਦੀ ਹਮਲਿਆਂ ਨੂੰ ਲੈ ਕੇ ਦਿੱਲੀ ਤੇ ਪੰਜਾਬ ਸਮੇਤ ਕਈ ਰਾਜਾਂ ਨੂੰ ਅਤਿਵਾਦੀ ਚੇਤਾਵਨੀ ਦੇਣ ਦਾ ਦਾਅਵਾ ਕੀਤਾ ਹੈ। ਖੁਫੀਆ ਏਜੰਸੀਆਂ ਦੇ ਅਨੁਸਾਰ ਅਤਿਵਾਦੀ ਅਲਰਟ ਵਿੱਚ ਲਿਖਿਆ ਗਿਆ ਹੈ ਕਿ ਬਹੁਤ ਸਾਰੇ ਅਤਿਵਾਦੀ ਸੰਗਠਨ ਚੋਣਾਂ ਦੇ ਦੌਰਾਨ ਤੇ ਇਸ ਤੋਂ ਪਹਿਲਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਖਾਸ ਤੌਰ ’ਤੇ ਉੱਤਰੀ ਭਾਰਤੀ ਰਾਜਾਂ ਵਿੱਚ ਸੰਭਾਵਿਤ ਅਤਿਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਹਨ।
ਪੂਰਬੀ ਦਿੱਲੀ ਦੇ ਗਾਜ਼ੀਪੁਰ ਫੁੱਲ ਬਾਜ਼ਾਰ ਵਿੱਚ ਇੱਕ ਅਣਪਛਾਤੇ ਬੈਗ ਵਿੱਚੋਂ ਆਰਡੀਐਕਸ ਅਤੇ ਅਮੋਨੀਅਮ ਨਾਈਟ੍ਰੇਟ ਨਾਲ ਭਰਿਆ ਇੱਕ ਵਿਸਫੋਟਕ ਯੰਤਰ (ਆਈਈਡੀ) ਮਿਲਣ ਤੋਂ ਬਾਅਦ, ਦਿੱਲੀ ਪੁਲੀਸ ਅਤੇ ਕੇਂਦਰੀ ਖੁਫੀਆ ਏਜੰਸੀਆਂ ਦੀਆਂ ਸਾਰੀਆਂ ਇਕਾਈਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਜਾਂਚ ਵਿੱਚ ਬਿਹਤਰ ਤਾਲਮੇਲ ਬਣਾਉਣ ਲਈ ਸੀਨੀਅਰ ਅਧਿਕਾਰੀਆਂ ਨੇ ਇੱਕ ਦੂਜੇ ਨਾਲ ਗੱਲ ਕੀਤੀ ਹੈ।