ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਸਤੰਬਰ
ਆਮ ਆਦਮੀ ਪਾਰਟੀ ਦੇ ਨੇਤਾ ਆਤਿਸ਼ੀ ਨੇ ਕਿਹਾ ਕਿ ਪੁਲੀਸ ਦਿੱਲੀ ਦੰਗਿਆਂ ਦੇ ਅਸਲ ਦੋਸ਼ੀਆਂ ਨੂੰ ਫੜਨਾ ਨਹੀਂ ਚਾਹੁੰਦੀ। ਇੱਕ ਪ੍ਰੈੱਸ ਕਾਨਫਰੰਸ ਵਿੱਚ ਆਤਿਸ਼ੀ ਨੇ ਕਿਹਾ ਕਿ ਡੇਢ ਸਾਲ ਬਾਅਦ ਹਰ ਅਦਾਲਤ ਨੇ ਪੁਲੀਸ ਜਾਂਚ ’ਤੇ ਸਵਾਲ ਚੁੱਕੇ ਹਨ ਜੋ ਸਿੱਧਾ ਭਾਜਪਾ ਦੇ ਅਧੀਨ ਆਉਂਦਾ ਹੈ। ਆਤਿਸ਼ੀ ਨੇ ਕਿਹਾ, ‘ਅਦਾਲਤਾਂ ਵੱਲੋਂ ਵਾਰ-ਵਾਰ ਦਿੱਲੀ ਪੁਲੀਸ ਦੀ ਖਿਚਾਈ ਕੀਤੀ ਜਾਂਦੀ ਕਿ ਜਾਂਚ ਵਿੱਚ ਕਮੀਆਂ ਹਨ ਤੇ ਦਿਮਾਗ ਦਾ ਇਸਤੇਮਾਲ ਨਹੀਂ ਕੀਤਾ ਗਿਆ। ਸਵਾਲ ਇਹ ਉੱਠਦਾ ਹੈ ਕਿ ਦਿੱਲੀ ਪੁਲੀਸ ਕਿਸ ਦੀ ਸੁਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ’
ਘਟੀਆ ਜਾਂਚ ਲਈ ਦਿੱਲੀ ਪੁਲੀਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਦਿੱਲੀ ਪੁਲੀਸ ਦਿੱਲੀ ਦੰਗਿਆਂ ਦੇ ਮਾਮਲਿਆਂ ਵਿੱਚ ਸਹੀ ਜਾਂਚ ਨਹੀਂ ਕਰਨਾ ਚਾਹੁੰਦੀ। ਕੁੱਲ 750 ਮਾਮਲਿਆਂ ਵਿੱਚੋਂ ਸਿਰਫ 35 ਮਾਮਲਿਆਂ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਅਤੇ ਹੁਣ ਅਦਾਲਤ ਨੇ ਹੀ ਟਿੱਪਣੀ ਕੀਤੀ ਹੈ ਕਿ ਇਹ ਕਿਸ ਤਰ੍ਹਾਂ ਦੀ ਜਾਂਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ੇਸ਼ ਵਕੀਲ ਵੀ ਨਹੀਂ ਜਾਣਦੇ ਕਿ ਦਿੱਲੀ ਪੁਲੀਸ ਕੀ ਕਰ ਰਹੀ ਹੈ ਤੇ ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਤੇ ਉਪਰਾਜਪਾਲ ਨਹੀਂ ਚਾਹੁੰਦੇ ਕਿ ਦਿੱਲੀ ਸਰਕਾਰ ਦੇ ਅਨੁਸਾਰ ਵਿਸ਼ੇਸ਼ ਵਕੀਲਾਂ ਦੀ ਨਿਯੁਕਤੀ ਹੋਵੇ। ਚੱਲ ਰਹੀ ਜਾਂਚ ਬਾਰੇ ਗੱਲ ਕਰਦਿਆਂ ਅਤਿਸ਼ੀ ਨੇ ਕਿਹਾ, ‘ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਕਿਹਾ ਹੈ ਕਿ ਦਿੱਲੀ ਪੁਲੀਸ ਦੀ ਇਹ ਜਾਂਚ ਦੇਸ਼ ਦੇ ਇਤਿਹਾਸ ’ਤੇ ਕਲੰਕ ਹੈ’ ਉਨ੍ਹਾਂ ਕਿਹਾ ਕਿ ਜਦੋਂ ਜਸਟਿਸ ਮੁਰਲੀਧਰਨ ਨੇ ਪੁੱਛਿਆ ਸੀ ਕਿ ਭੜਕਾਊ ਭਾਸ਼ਣਾਂ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਤਾਂ ਦਿੱਲੀ ਪੁਲੀਸ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਵੀਡੀਓ ਵੀ ਨਹੀਂ ਵੇਖਿਆ। ਆਤਿਸ਼ੀ ਨੇ ਕਿਹਾ ਕਿ ਦਿੱਲੀ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ ਕੀਤੀਆਂ ਗਈਆਂ ਸਾਰੀਆਂ ਗ੍ਰਿਫ਼ਤਾਰੀਆਂ ਤੇ ਜਿਨ੍ਹਾਂ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਉਹ ਸ਼ੱਕੀ ਹਨ।