ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜਨਵਰੀ
ਪੰਜਾਬੀ ਅਕਾਦਮੀ ਨੇ ਇਸ ਵਰ੍ਹੇ ਵੀ 72ਵੇਂ ਗਣਤੰਤਰ ਦਿਵਸ ਮੌਕੇ ਕਵੀ ਦਰਬਾਰ ਕਰਵਾਇਆ ਗਿਆ। ਜਨਕਪੁਰੀ ਵਾਲੀ ਦਿੱਲੀ ਹਾਟ ਦੀ ਸਭਾਗਾਰ ’ਚ ਹੋਏ ਇਸ ਕੌਮੀ ਕਵੀ ਦਰਬਾਰ ਦਾ ਉਦਘਾਟਨ ਪੰਜਾਬੀ ਅਕਾਦਮੀ ਦੇ ਵਾਈਸ ਚੇਅਰਮੈਨ ਤੇ ਦਿੱਲੀ ਦੇ ਸਾਬਕਾ ਸਿੱਖਿਆ, ਜੇਲ੍ਹ ਮੰਤਰੀ ਹਰਸ਼ਰਨ ਸਿੰਘ ਬੱਲੀ ਨੇ ਕੀਤਾ। ਇਸ ਮੌਕੇ ਸ਼ਮਾ ਰੋਸ਼ਨ ਕਰਨ ਵਾਲਿਆਂ ਵਿਚ ਅਕਾਦਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਤੇਜਿੰਦਰ ਪਾਲ ਸਿੰਘ ਨਲਵਾ, ਅਮਰਜੀਤ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਅਤੇ ਕੰਚਨ ਭੂਪਲ ਸ਼ਾਮਲ ਸਨ। ਆਪਣੇ ਉਦਘਾਟਨੀ ਭਾਸ਼ਣ ਵਿਚ ਹਰਸ਼ਰਨ ਸਿੰਘ ਬੱਲੀ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਭਾਈਚਾਰਾ ਦੇਸ਼ ਪ੍ਰੇਮ ਦੀ ਮਿਸਾਲ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ਨਹੀਂ ਪਾਇਆ। ਉਨ੍ਹਾਂ ਨੇ ਸੁਤੰਤਰਤਾ ਦੀ ਲਹਿਰ ਵਿਚ ਕਵੀਆਂ ਤੇ ਲੇਖਕਾਂ ਵਲੋਂ ਪਾਏ ਯੋਗਦਾਨ ਨੂੰ ਵੀ ਚੇਤੇ ਕੀਤਾ ਤੇ ਕਿਹਾ ਕਿ ਹਰ ਅੰਦੋਲਨ ਨੂੰ ਸੇਧ ਦੇਣ ਵਿਚ ਕਵੀਆਂ ਦੀ ਵੱਡੀ ਭੂਮਿਕਾ ਹੁੰਦੀ ਹੈ। ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਪੱਛਮੀਂ ਦਿੱਲੀ ਜ਼ਿਲ੍ਹਾ ਵਿਕਾਸ ਬੋਰਡ ਦੇ ਚੇਅਰਮੈਨ ਜਰਨੈਲ ਸਿੰਘ ਐੱਮ.ਐੱਲ.ਏ. ਤਿਲਕ ਨਗਰ ਨੇ ਕਿਹਾ ਕਿ ਦਿੱਲੀ ਸਰਕਾਰ ਪੰਜਾਬੀ ਭਾਸ਼ਾ, ਕਲਾ ਤੇ ਸਭਿਆਚਾਰ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਪੰਜਾਬ ਦੇ ਲੋਕਾਂ ਵਿਸ਼ੇਸ਼ ਕਰ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹੈ ਅਤੇ ਹਰ ਮੁਸ਼ਕਲ ਘੜੀ ਵਿਚ ਪੰਜਾਬੀਆਂ ਦੇ ਨਾਲ ਖੜੀ ਹੈ। ਪਹਿਲਾਂ ਆਏ ਮਹਿਮਾਨਾਂ, ਕਵੀਆਂ ਅਤੇ ਸ੍ਰੋਤਿਆਂ ਦਾ ਸਵਾਗਤ ਕਰਦਿਆਂ ਅਕਾਦਮੀ ਦੇ ਸਾਬਕਾ ਸਕੱਤਰ ਅਤੇ ਇਸਦੇ ਵਰਤਮਾਨ ਗਵਰਨਿੰਗ ਕੌਂਸਲ ਮੈਂਬਰ ਡਾ. ਰਵੇਲ ਸਿੰਘ ਨੇ ਗਣਤੰਤਰ ਦਿਵਸ ਕਵੀ ਦਰਬਾਰ ਦੀ ਪ੍ਰਥਾ, ਇਤਿਹਾਸ ਅਤੇ ਮਹੱਤਵ ਉਤੇ ਰੋਸ਼ਨੀ ਪਾਈ। ਇਸ ਸਮਾਗਮ ਵਿਚ ਦਿੱਲੀ ਵਿਧਾਨ ਸਭਾ ਤੋਂ ਵਿਧਾਇਕ ਰਾਜੇਸ਼ ਰਿਸ਼ੀ ਅਤੇ ਗਿਰੀਸ਼ ਸੋਨੀ ਤੇ ਸ੍ਰੀਮਤੀ ਧਨਵੰਤੀ ਚੰਦੇਲਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਅਕਾਦਮੀ ਦੇ ਕਾਰਜਕਾਰੀ ਸਕੱਤਰ ਰਾਜਿੰਦਰ ਕੁਮਾਰ ਨੇ ਸਾਰੇ ਮਹਿਮਾਨਾਂ ਅਤੇ ਕਵੀਆਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਕਵੀ ਦਰਬਾਰ ਦਾ ਸੰਚਾਲਨ ਡਾ. ਸਤੀਸ਼ ਕੁਮਾਰ ਵਰਮਾ ਨੇ ਕੀਤਾ। ਇਸ ਸਾਲ ਦੇ ਕਵੀ ਦਰਬਾਰ ਵਿਚ ਹਿੱਸਾ ਲੈਣ ਵਾਲੇ ਕਵੀਆਂ ਵਿਚ ਅਮਰਜੀਤ ਸਿੰਘ ਅਮਰ, ਸਤੀਸ਼ ਗੁਲਾਟੀ, ਸੁਖਵਿੰਦਰ ਅਮ੍ਰਿਤ, ਸੁਰਜੀਤ ਜੱਜ, ਸਿਮਰਨ ਅਕਸ, ਕੰਵਰ ਇਕਬਾਲ, ਗਗਨਦੀਪ ਸ਼ਰਮਾ, ਗੁਰਸੇਵਕ ਲੰਬੀ, ਗੁਰਚਰਨ ਸਿੰਘ ਚਰਨ, ਗੁਰਪ੍ਰੀਤ ਕੌਰ, ਜਗਸੀਰ ਜੀਦਾ, ਤ੍ਰੈਲੋਚਨ ਲੋਚੀ, ਦੀਪਕ ਸ਼ਰਮਾ ਚਰਨਾਰਥਲ, ਬਲਵਿੰਦਰ ਸਿੰਘ ਸੰਧੂ, ਰਮਨ ਸੰਧੂ, ਰੁਬਾ ਸ਼ਬਨਮ, ਜਗਜੀਤ ਕੌਰ ਭੋਲੀ ਅਤੇ ਵਨੀਤਾ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਭਰੀ। ਇਸ ਵਾਰ ਕਵੀਆਂ ਵਲੋਂ ਪੜ੍ਹੀਆਂ ਗਈਆਂ ਕਵਿਤਾਵਾਂ ਵਿਚ ਕਿਸਾਨੀ ਸੰਘਰਸ਼ ਭਾਰੂ ਰਿਹਾ ਅਤੇ ਲਗਭਗ ਹਰ ਕਵੀ ਨੇ ਆਪਣੀ ਕਵਿਤਾ ਵਿਚ ਇਸ ਮੁੱਦੇ ਨੂੰ ਕੇਂਦਰ ਵਿਚ ਰੱਖਿਆ।