ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਕੌਮੀ ਰਾਜਧਾਨੀ ਦਿੱਲੀ ਵਿੱਚ ਮਰੀਜ਼ਾਂ ਦੀ ਕਮੀ ਦੇਖੀ ਜਾ ਰਹੀ ਹੈ ਤੇ ਮਰੀਜ਼ਾਂ ਦੇ ਇਲਾਜ ਲਈ ਦਿਨ-ਰਾਤ ਸਰਗਰਮ ਨਰਸਾਂ ਵੱਲੋਂ ਆਪਣਾ ਪਲਾਜ਼ਮਾ ਦਾਨ ਕਰਕੇ ਡਾਕਟਰੀ ਡਿਊਟੀ ਤੋਂ ਅੱਗੇ ਜਾ ਕੇ ਲੋਕ ਸੇਵਾ ਕੀਤੀ ਜਾ ਰਹੀ ਹੈ। ਇਹ ਨਰਸਾਂ ਕੋਵਿਡ-19 ਲਈ ਬਣਾਏ ਵਿਸ਼ੇਸ਼ ਹਸਪਤਾਲਾਂ ਵਿੱਚ ਸੇਵਾਵਾਂ ਦੇਣ ਦੌਰਾਨ ਕਰੋਨਾਵਾਇਰਸ ਦੀ ਜ਼ੱਦ ਵਿੱਚ ਆ ਗਈਆਂ ਸਨ। ਹੁਣ ਉਹ ਸਿਹਤਮੰਦ ਹੋ ਕੇ ਕਰੋਨਾ ਮਰੀਜ਼ਾਂ ਲਈ ਇਸ ਤਰੀਕੇ ਨਾਲ ਮਦਦਗਾਰ ਸਾਬਤ ਹੋ ਰਹੀਆਂ ਹਨ। ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿੱਚ ਨਰਸਾਂ ਵੱਲੋਂ ਵਿਸ਼ੇਸ਼ ਕੈਂਪ ਦੌਰਾਨ ਆਪਣਾ ਪਲਾਜ਼ਮਾ ਦਾਨ ਕੀਤਾ ਗਿਆ ਜੋ ਅੱਗੇ ਕਰੋਨਾ ਪੀੜਤਾਂ ਨੂੰ ਚੜ੍ਹਾਇਆ ਜਾਵੇਗਾ। ਦਿੱਲੀ ਵਿੱਚ ਪਹਿਲਾ ਪਲਾਜ਼ਮਾ ਬੈਂਕ ਸਥਾਪਤ ਕੀਤਾ ਗਿਆ ਸੀ।
ਯਮੁਨਾਨਗਰ ਵਿੱਚ 15 ਨਵੇਂ ਕਰੋਨਾ ਮਰੀਜ਼ ਆਏ
ਯਮੁਨਾਨਗਰ (ਪੱਤਰ ਪ੍ਰੇਰਕ): ਇੱਥੋਂ ਦੇ ਵਿਧਾਇਕ ਘਣਸ਼ਾਮ ਦਾਸ ਅਰੋੜਾ ਦੇ ਦਫਤਰ ਦੇ ਕੋਲ ਅਤੇ ਜ਼ਿਲ੍ਹਾ ਜੇਲ੍ਹ ਵਿੱਚ ਕਰੋਨਾ ਦੇ ਮਾਮਲੇ ਮਿਲੇ ਹਨ । ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ 15 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਯਮੁਨਾਨਗਰ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 336 ਹੋ ਗਈ ਹੈ। ਇਨ੍ਹਾਂ ਵਿੱਚੋਂ 192 ਵਿਅਕਤੀ ਠੀਕ ਹੋ ਕੇ ਘਰ ਜਾ ਚੁੱਕੇ ਹਨ ਜਦਕਿ 139 ਲੋਕਾਂ ਦਾ ਇਲਾਜ ਹਸਪਤਾਲਾਂ ਵਿੱਚ ਚਲ ਰਿਹਾ ਹੈ । ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਦੱਸਿਆ ਕਿ ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਦੱਸਿਆ ਕਿ ਅੱਜ ਕਰੋਨਾ ਪਾਜ਼ੇਟਿਵ ਕੇਸਾਂ ਵਿੱਚ ਅੱਠ ਕੇਸ ਕਸਬਾ ਸਢੌਰਾ ਦੇ ਹਨ ਜਦਕਿ ਇੱਕ ਕਾਲਿੰਦੀ ਕਲੋਨੀ, ਇੱਕ ਕਸਬਾ ਦਾਮਲਾ, ਇੱਕ ਇੱਕ ਕੇਸ ਉਰਜਨੀ, ਦੜਬਾ, ਤੇਲੀਪੁਰਾ ਦਾ ਹੈ ਜਦਕਿ ਇੱਕ ਜੇਲ੍ਹ ਵਿੱਚ ਬੰਦ ਕੈਦੀ ਸ਼ਾਮਲ ਹੈ ।
ਕੌਮੀ ਰਾਜਧਾਨੀ ’ਚ ਮਰੀਜ਼ਾਂ ਦੀ ਗਿਣਤੀ 1,34,403 ਹੋਈ
ਕੌਮੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 1,34,403 ਹੋ ਗਈ ਹੈ ਤੇ ਅੱਜ ਨਵੇਂ 1093 ਮਰੀਜ਼ ਸਾਹਮਣੇ ਆਏ ਜਦੋਂ ਕਿ 1091 ਮਰੀਜ਼ ਠੀਕ ਵੀ ਹੋਏ। 29 ਮੌਤਾਂ ਬੀਤੇ 24 ਘੰਟਿਆਂ ਦੌਰਾਨ ਦਰਜ ਕੀਤੀਆਂ ਗਈਆਂ। ਰਾਜਧਾਨੀ ਵਿੱਚ ਮ੍ਰਿਤਕਾਂ ਦੀ ਗਿਣਤੀ 3936 ਤਕ ਪੁੱਜ ਗਈ ਹੈ। ਸਰਗਰਮ ਮਰੀਜ਼ਾਂ ਦਾ ਅੰਕੜਾ 10743 ਤੱਕ ਪੁੱਜ ਗਿਆ ਹੈ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਅੰਦਰ 694 ਇਲਾਕੇ ਸੀਲਬੰਦ ਹਨ ਜਿੱਥੇ ਕਰੋਨਾ ਮਰੀਜ਼ ਮਿਲੇ ਸਨ। ਹੁਣ 15634 ਬਿਸਤਰਿਆਂ ਵਿੱਚੋਂ 2950 ਮਰੀਜ਼ਾਂ ਲਈ ਵਰਤੋਂ ਹੋ ਰਹੇ ਹਨ ਤੇ 12684 ਖਾਲੀ ਪਏ ਹਨ। ਘਰਾਂ ਵਿੱਚ ਇਕਾਂਤਵਾਸ ਤਹਿਤ ਰਹਿੰਦੇ ਮਰੀਜ਼ਾਂ ਦੀ ਗਿਣਤੀ 5873 ਹੈ।