ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਗਸਤ
ਪੰਜਾਬੀ, ਹਿੰਦੀ ਤੇ ਉਰਦੂ ਦੇ ਕੌਮਾਂਤਰੀ ਸ਼ਾਇਰ ਅਤੇ ਬਾਬਾ ਨਾਨਕ ਦੇ 550 ਸਾਲਾ ਸ਼ਤਾਬਦੀ ਕਵੀ ਦਰਬਾਰਾਂ ਦੇ ਸੰਯੋਜਕ ਹਰਭਜਨ ਸਿੰਘ ਦਿਓਲ ਦੀ ਪਤਨੀ ਬੀਬੀ ਹਰਮੀਤ ਕੌਰ ਦਿਓਲ ਦੀ ਯਾਦ ਵਿੱਚ ਬੂਟੇ ਲਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ। ਦਿੱਲੀ ਨਗਰ ਨਿਗਮ ਦੇ ਸਹਿਯੋਗ ਨਾਲ ਕੀਤੇ ਇਸ ਯਾਦਗਾਰੀ ਉਪਰਾਲੇ ਵਿਚ ਹਰਮੀਤ ਕੌਰ ਦੀ ਯਾਦ ਵਿਚ ਬਾਹਰੀ ਦਿੱਲੀ ਦੇ ਗੁਰੂ ਤੇਗ਼ ਬਹਾਦਰ ਨਗਰ ਦੇ ਆਊਟਰਮ ਲਾਈਨ ਦੀ ਗੁਲਦਸਤਾ ਪਾਰਕ ਅੰਦਰ 40 ਬੂਟੇ ਲਗਾਏ ਗਏ। ਇਸ ਪ੍ਰੋਗਰਾਮ ਵਿਚ ਸਾਬਕਾ ਮੇਅਰ ਰਾਜਾ ਇਕਬਾਲ ਸਿੰਘ, ਸਾਬਕਾ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਓਮ ਸਪਰਾ, ਧਰਮ ਪ੍ਰਕਾਸ਼ ਤੇ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਮੌਕੇ ’ਤੇ ਹਰਭਜਨ ਦਿਓਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਸਿਹਤਮੰਦ ਬਣਾਉਣ ਲਈ ਆਪਣਾ ਯੋਗਦਾਨ ਪਾਉਣ। ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਪਿੰਡ ਅਬਦੁੱਲਾਗੜ੍ਹ ਵਿੱਚ ਅੱਜ ਰੋਟਰੀ ਕਲਬ ਨੇ ਦੋ ਹਜ਼ਾਰ ਬੂਟੇ ਲਾਏ ਤੇ ਉਨ੍ਹਾਂ ਦੀ ਸੰਭਾਲ ਦਾ ਅਹਿਦ ਲਿਆ। ਇਸ ਦੌਰਾਨ ਕਲੱਬ ਮੈਂਬਰ ਡਾ. ਐੱਸ.ਐੱਸ ਆਹੂਜਾ ਨੇ ਕਿਹਾ ਕਿ ਤੇਜ਼ੀ ਨਾਲ ਦੂਸ਼ਿਤ ਹੋ ਰਹੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਾਉਣੇ ਜ਼ਰੂਰੀ ਹਨ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਤੇ ਹੋਰ ਮੌਕਿਆਂ ’ਤੇ ਇਕ-ਇਕ ਪੌਦਾ ਜ਼ਰੂਰ ਲਾਉਣ। ਇਸ ਮੌਕੇ ਡਾ. ਆਰ. ਐੱਸ ਘੁੁੰਮਣ, ਵਿਕਰਮ ਗੁਪਤਾ ਤੇ ਆਸ਼ੂਤੋਸ਼ ਗਰਗ ਆਦਿ ਹਾਜ਼ਰ ਸਨ।