ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੁਲਾਈ
ਆਮ ਆਦਮੀ ਪਾਰਟੀ ਦੇ ਐਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਸ਼ਾਸਿਤ ਐੱਮਸੀਡੀ ਪੂਰੀ ਦਿੱਲੀ ਨੂੰ ਨੋਟਿਸ ਭੇਜ ਕੇ 2004 ਤੋਂ ਹੁਣ ਤੱਕ ਹਾਊਸ ਟੈਕਸ ਜਮ੍ਹਾਂ ਕਰਵਾਉਣ ਦਾ ਸਬੂਤ ਮੰਗ ਰਹੀ ਹੈ ਜੋ ਕਿ ਬਿਲਕੁਲ ਵੀ ਸੰਭਵ ਨਹੀਂ ਹੈ। ਇਹ ਸਿਰਫ਼ ਤੇ ਸਿਰਫ਼ ਦਿੱਲੀ ਵਾਲਿਆਂ ਨੂੰ ਲੁੱਟਣ ਦੀ ਨਵੀਂ ਸਕੀਮ ਹੈ। ਉਨ੍ਹਾਂ ਕਿਹਾ, ‘ਜੇਕਰ ਤੁਸੀਂ ਅਜਿਹੀ ਪੁਰਾਣੀ ਰਸੀਦ ਜਮ੍ਹਾਂ ਨਹੀਂ ਕਰ ਪਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਐਮਸੀਡੀ ਦਫਤਰ ਜਾਣਾ ਪਵੇਗਾ। ਫਿਰ ਪੁਲੀਸ ਬੁਲਾ ਕੇ ਡਰਾ-ਧਮਕਾ ਕੇ ਪੈਸੇ ਵਸੂਲਣ ਦਾ ਕੰਮ ਕੀਤਾ ਜਾਵੇਗਾ।’ ਦੁਰਗੇਸ਼ ਪਾਠਕ ਨੇ ਕਿਹਾ ਕਿ ਖੁਦ ਉਪ ਰਾਜਪਾਲ ਤੇ ਭਾਜਪਾ ਆਗੂ ਵੀ ਉਹ ਰਸੀਦਾਂ ਨਹੀਂ ਦਿਖਾ ਸਕਣਗੇ ਜੋ ਲਗਪਗ 18 ਸਾਲ ਪੁਰਾਣੀਆਂ ਹਨ। ਐਮਸੀਡੀ ਕੋਲ ਪਹਿਲਾਂ ਹੀ ਸਾਰੇ ਦਸਤਾਵੇਜ਼ ਹਨ ਜਿਨ੍ਹਾਂ ਦੇ ਆਧਾਰ ’ਤੇ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਸ ਨੇ ਹਾਊਸ ਟੈਕਸ ਜਮ੍ਹਾਂ ਕੀਤਾ ਹੈ ਅਤੇ ਕਿਸ ਨੇ ਨਹੀਂ। ਆਮ ਆਦਮੀ ਪਾਰਟੀ ਦਿੱਲੀ ਵਾਸੀਆਂ ਦਾ ਅਪਮਾਨ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਐਮਸੀਡੀ ਨੂੰ ਟੈਕਸ ਨਾ ਦੇਣ ਵਾਲਿਆਂ ਨਾਲ ਨਜਿੱਠਣ ਲਈ ਕੋਈ ਹੋਰ ਤਰੀਕਾ ਲੱਭਣਾ ਚਾਹੀਦਾ ਹੈ ਕਿਉਂਕਿ ਪੂਰੀ ਦਿੱਲੀ ਨੂੰ ਪ੍ਰੇਸ਼ਾਨ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ।
ਦੁਰਗੇਸ਼ ਪਾਠਕ ਨੇ ਅੱਜ ਇੱਥੇ ‘ਆਪ’ ਹੈੱਡਕੁਆਰਟਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਉਪ ਰਾਜਪਾਲ ਨੇ ਕਿਹਾ ਸੀ ਕਿ ਜੇਕਰ ਦਿੱਲੀ ਵਾਸੀ ਇਮਾਨਦਾਰੀ ਨਾਲ ਆਪਣਾ ਟੈਕਸ ਅਦਾ ਕਰਨ ਤਾਂ ਐਮਸੀਡੀ ਦੇਸ਼ ਦੀਆਂ ਸਾਰੀਆਂ ਕਾਰਪੋਰੇਸ਼ਨਾਂ ਵਿਚੋਂ ਸਭ ਤੋਂ ਅਮੀਰ ਨਿਗਮ ਹੋਵੇਗੀ। ਆਮ ਆਦਮੀ ਪਾਰਟੀ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਉਪ ਰਾਜਪਾਲ ਦੇ ਅਜਿਹੇ ਬਿਆਨ ਤੋਂ ਦਿੱਲੀ ਦੇ ਲੋਕ ਦੁਖੀ ਹਨ। ਲ