ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਫਰਵਰੀ
ਦਿੱਲੀ ਪੁਲੀਸ ਵੱਲੋਂ ਕੌਮੀ ਰਾਜਧਾਨੀ ਦਿੱਲੀ ਵਿੱਚ ਔਰਤਾਂ ਖ਼ਿਲਾਫ਼ ਵਧ ਰਹੇ ਅਪਰਾਧਾਂ ਨੂੰ ਠੱਲ੍ਹਣ ਲਈ ਗੁਲਾਬੀ ਬੂਥ (ਪਿੰਕ ਬੂਥ) ਕਾਇਮ ਕੀਤੇ ਹਨ। ਇਹ ਬੂਥ ਉਨ੍ਹਾਂ ਥਾਵਾਂ ਉੱਪਰ ਸਥਾਪਤ ਕੀਤੇ ਗਏ ਹਨ ਜਿੱਥੇ ਔਰਤਾਂ, ਮੁਟਿਆਰਾਂ ਦਾ ਆਉਣਾ-ਜਾਣਾ ਜ਼ਿਆਦਾ ਰਹਿੰਦਾ ਹੈ।
ਆਈਟੀਓ ਨੇੜੇ ਮਾਤਾ ਸੁੰਦਰੀ ਕਾਲਜ ਕੋਲ ਅਜਿਹਾ ਹੀ ‘ਪਿੰਕ ਬੂਥ’ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਔਰਤ ਆਪਣੇ ਨਾਲ ਵਾਪਰੀ ਵਾਰਦਾਤ ਜਾਂ ਹੋਰ ਪ੍ਰੇਸ਼ਾਨੀ ਨੂੰ ਬਿਨਾਂ ਝਿਜਕ ਦੱਸ ਸਕਦੀ ਹੈ। ਇਸ ਬੂਥ ਵਿੱਚ ਔਰਤਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੁਲੀਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਇਸ ਇਲਾਕੇ ਵਿੱਚ ਵਿਦਿਆਰਥਣਾਂ ਤੋਂ ਇਲਾਵਾ ਨੇੜੇ ਦੀ ਆਬਾਦੀ ਵਿੱਚ ਚੋਖੀ ਗਿਣਤੀ ਵਿੱਚ ਘੱਟ ਗਿਣਤੀ ਮੁਸਲਮ ਭਾਈਚਾਰਾ ਰਹਿੰਦਾ ਹੈ। ਇਹ ਇਲਾਕਾ ਆਮ ਆਵਾਜਾਈ ਘੱਟ ਹੋਣ ਕਰ ਕੇ ਸੁੰਨਾ ਰਹਿੰਦਾ ਹੈ। ਪੁਲੀਸ ਉੱਤਰ-ਪੂਰਬ ਇਲਾਕੇ ਵਿੱਚ ਹੁਣ ਤੱਕ ਅਜਿਹੇ ਗੁਲਾਬੀ 11 ਬੂਥ ਕਾਇਮ ਕਰ ਚੁੱਕੀ ਹੈ।
ਅਜਿਹਾ ਹੀ ਇੱਕ ਬੂਥ ਜੀਬੀ ਰੋਡ ਇਲਾਕੇ ਵਿੱਚ ਵੀ ਬਣਾਇਆ ਗਿਆ ਹੈ। ਇੱਥੇ ਮਾੜੇ ਧੰਦੇ ਵਿੱਚ ਗਰਕੀਆਂ ਔਰਤਾਂ ਨੂੰ ਹੁਨਰ ਸਿਖਾਇਆ ਜਾਵੇਗਾ ਤਾਂ ਜੋ ਉਹ ਇਸ ਗੰਦੇ ਮਾਹੌਲ ਵਿੱਚੋਂ ਨਿਕਲ ਕੇ ਆਪਣੀ ਰੋਜ਼ੀ-ਰੋਟੀ ਲਈ ਹੋਰ ਸਾਧਨ ਅਪਣਾ ਸਕਣ। ਮਹਿਲਾ ਅਧਿਕਾਰੀਆਂ ਵੱਲੋਂ ਇਸ ਲਾਲ ਬੱਤੀ ਇਲਾਕੇ ਦੀਆਂ ਔਰਤਾਂ ਨੂੰ ਹੁਨਰ ਸਿਖਾਇਆ ਜਾਵੇਗਾ।